ਫਰੀਦਕੋਟ:ਜ਼ਿਲ੍ਹੇ ਦੇ ਪਿੰਡ ਮਚਾਕੀ ਖੁਰਦ ਵਿੱਚ ਨਸ਼ਾ ਵਿਰੋਧੀ ਟੀਮ ਦੇ ਮੈਂਬਰਾਂ ਨੂੰ ਪਿੰਡ ਵਿੱਚ ਨਸ਼ਾ ਵੇਚਣ ਤੋਂ ਰੋਕਣਾ ਉਸ ਵੇਲੇ ਭਾਰੀ ਪਿਆ ਜਦੋਂ ਦੇਰ ਰਾਤ ਕੁਝ ਲੋਕਾਂ ਨੇ ਨਸ਼ਾ ਵਿਰੋਧੀ ਟੀਮ ਦੇ ਆਗੂ ਦੇ ਘਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਨਸ਼ਾ ਵਿਰੋਧੀ ਟੀਮ ਦਾ ਆਗੂ ਅਤੇ ਇੱਕ ਬਿਰਧ ਔਰਤ ਗੰਭੀਰ ਜਖਮੀਂ ਹੋਏ ਹਨ ਜਿੰਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐੱਸ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਨਸ਼ਾ ਵਿਰੋਧੀ ਟੀਮ ਦੇ ਆਗੂ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਨਸ਼ਾ ਵਿਰੋਧੀ ਟੀਮ ਦਾ ਉਪ ਪ੍ਰਧਾਨ ਹੈ ਅਤੇ 2015 ਤੋਂ ਲਗਾਤਾਰ ਨਸ਼ਾ ਤਸਕਰੀ ਦਾ ਵਿਰੋਧ ਕਰਦਾ ਆ ਰਿਹਾ। ਉਨ੍ਹਾਂ ਦੱਸਿਆ ਕਿ ਉਹ ਪਿੰਡ ਵਿਚ ਨਸ਼ਾ ਵੇਚਣ ਤੋਂ ਰੋਕਦਾ ਸੀ ਜਿਸ ਕਾਰਨ ਬੀਤੀ ਰਾਤ ਪਿੰਡ ਦੇ ਕੁਝ ਨੌਜਵਾਨ ਜੋ ਨਸ਼ੇ ਦੇ ਆਦੀ ਹਨ ਅਤੇ ਨਸ਼ਾ ਤਸਕਰੀ ਕਰਦੇ ਹਨ ਨੇ ਉਨ੍ਹਾਂ ਦੇ ਘਰ ਆ ਬਾਹਰ ਉਸਨੂੰ ਬੁਲਾਇਆ ਅਤੇ ਉਸ ਦੀ ਕੁੱਟਮਾਰ ਕੀਤੀ।
ਫਰੀਦਕੋਟ ਵਿਖੇ ਨਸ਼ਾ ਵਿਰੋਧੀ ਟੀਮ ਦੇ ਆਗੂ ’ਤੇ ਹਮਲਾ ਉਨ੍ਹਾਂ ਦੱਸਿਆ ਕਿ ਜਦੋਂ ਬਚਾਅ ਲਈ ਉਸ ਦੇ ਮਾਤਾ ਆਏ ਤਾਂ ਉਕਤ ਹਮਲਾਵਰਾਂ ਨੇ ਉਸ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦੇ ਜ਼ਖਮਾਂ ਵਿੱਚੋਂ ਖੂਨ ਵਹਿੰਦਾ ਵੇਖ ਕੇ ਹਮਲਾਵਰ ਭੱਜ ਗਏ। ਉਨ੍ਹਾਂ ਮੰਗ ਕੀਤੀ ਕਿ ਉਕਤ ਹਮਲਾਵਰਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪੀੜਤਾਂ ਦਾ ਹਾਲ ਜਾਨਣ ਪਹੁੰਚੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਨਸ਼ਾ ਤਸਕਰਾਂ ਦਾ ਇੱਕ ਗਰੁੱਪ ਹੈ ਜੋ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿੰਡ ਵਿਚ ਨਸ਼ਾ ਵਿਰੋਧੀ ਟੀਮ ਬਣਾਈ ਸੀ ਜੋ ਨੌਜਵਾਨਾ ਨੂੰ ਨਸ਼ਿਆਂ ਖ਼ਿਲਾਫ ਜਿਥੇ ਜਾਗਰੂਕ ਕਰਦੀ ਹੈ ਉਥੇ ਹੀ ਪਿੰਡ ਵਿਚ ਨਸ਼ੇ ਦੀ ਵਿਕਰੀ ਨੂੰ ਰੋਕਦੇ ਸਨ। ਵਿਧਾਇਕ ਨੇ ਕਿਹਾ ਕਿ ਪੁਰਾਣੀ ਰਿਵਾਇਤੀ ਪਾਰਟੀਆਂ ਦੇ ਲੋਕ ਅਜਿਹੇ ਮਾੜੇ ਅਨਸਰਾਂ ਨੂੰ ਸ਼ਹਿ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਲੋਕਾਂ ’ਤੇ ਜੇਕਰ ਅਜਿਹੇ ਹਮਲੇ ਹੋਣਗੇ ਤਾਂ ਫਿਰ ਬਾਕੀ ਲੋਕਾਂ ਦਾ ਕੀ ਹੋਵੇਗਾ। ਉਨ੍ਹਾਂ ਕਿਹਾ ਉਨ੍ਹਾਂ ਨੇ ਪੁਲਿਸ ਅਫਸਰਾਂ ਨੂੰ ਵੀ ਕਿਹਾ ਕਿ ਇਸ ਮਾਮਲੇ ਨੂੰ ਜਲਦ ਸੁਲਝਾਇਆ ਜਾਵੇ।
ਇਸ ਪੂਰੇ ਮਾਮਲੇ ਸਬੰਧੀ ਡੀਐੱਸਪੀ ਫਰੀਦਕੋਟ ਏ.ਡੀ. ਸਿੰਘ ਨੇ ਦੱਸਿਆ ਕਿ ਪਿੰਡ ਮਚਾਕੀ ਖੁਰਦ ਵਿੱਚ ਕੁਝ ਲੋਕਾਂ ਵਿਚ ਆਪਸੀ ਤਕਰਾਰ ਹੋਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ:3 ਤਸਕਰਾਂ ਨੂੰ ਅਫੀਮ ਅਤੇ ਡਰੱਗ ਮਨੀ ਸਣੇ ਕੀਤਾ ਕਾਬੂ, ਰਾਜਸਥਾਨ ਤੋਂ ਲਿਆ ਪੰਜਾਬ ’ਚ ਕਰਦੇ ਸੀ ਸਪਲਾਈ