ਫਰੀਦਕੋਟ:ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਲੈ ਕੇ ਕੋਟਕਪੂਰਾ ਵਿੱਚ ਹੋਏ ਗੋਲੀਕਾਂਡ ਮਾਮਲੇ ਨਾਲ ਸੰਬੰਧਿਤ 2 ਵੱਖ-ਵੱਖ ਮਾਮਲਿਆ ਵਿਚ ਨਾਮਜਦ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਹੋਏ ਹਨ। ਉਨ੍ਹਾਂ ਤੋਂ ਇਲਾਵਾ ਤੱਤਕਾਲੀ ਸਾਬਕਾ ਡੀਆਈਜੀ ਅਮਰ ਸਿੰਘ ਚਹਿਲ ਅਤੇ ਮੋਗਾ ਦੇ ਤਤਕਾਲੀ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾਂ ਵੀ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਹੋਏ ਹਨ। ਜ਼ਿਕਰਯੋਗ ਹੈ ਕਿ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਕੋਟਕਪੂਰਾ ਵਿਚ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਅਤੇ ਪੁਲਿਸ ਵਿਚਕਾਰ ਝੜਪ ਹੋਈ ਸੀ ਅਤੇ ਗੋਲੀਕਾਂਡ ਵਾਪਰਿਆ ਸੀ।
ਕਾਂਗਰਸ ਤੇ ਆਪ ਵਿਚਾਲੇ ਹੋਇਆ ਸਮਝੌਤਾ :ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਾਰਲੀਮੈਂਟ ਚੋਣਾਂ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿੱਚ ਸਮਝੌਤਾ ਹੋ ਗਿਆ ਹੈ। ਇਸੇ ਲਈ ਹੁਣ ਪੰਜਾਬ ਦੇ ਕਿਸਾਨਾਂ ਦੇ ਉਲਟ ਫੈਸਲੇ ਆਉਣੇ ਸ਼ੁਰੂ ਹੋ ਗਏ ਹਨ। ਉਹਨਾਂ ਕਿਹਾ ਕਿ ਜੋ ਹਾਲ ਹੀ ਵਿੱਚ ਪੰਜਾਬ ਵਿਧਾਨ ਸਭਾ ਦੀ ਕਮੇਟੀ ਵਿੱਚ ਸਿਰਫ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ, ਉਸਨੇ ਸਰਕਾਰ ਨੂੰ ਸ਼ਿਫਾਰਸ ਕੀਤੀ ਹੈ ਕਿ ਪੰਜਾਬ ਅੰਦਰ ਕਿਸਾਨਾਂ ਨੂੰ ਸਿੰਚਾਈ ਲਈ ਟਿਊਬਵੈੱਲ ਦੇ ਬਿਜਲੀ ਕੁਨੈਕਸ਼ਨਾਂ ਉੱਤੇ ਦਿੱਤੀ ਜਾਂਦੀ ਸਬਸਿਡੀ ਬੰਦ ਕੀਤੀ ਜਾਵੇ।