ਫਰੀਦਕੋਟ: ਸ਼ੇਖ ਫਰੀਦ ਆਗਮਨ ਪੁਰਬ 2022 ਦੇ ਚੌਥੇ ਦਿਨ ਸੂਫ਼ੀਆਨਾ ਏ ਸ਼ਾਮ ਵਿਚ ਸਤਿੰਦਰ ਸਰਤਾਜ ਦੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਰਾਤ ਦੇ ਖਾਣੇ ਲਈ ਸਾਰੇ ਪ੍ਰਬੰਧਕ ਅਤੇ ਵੀਵੀਆਈਪੀ ਇਕੱਠੇ ਹੋਏ ਸੀ। ਇਸ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਲਕਾ ਵਿਧਾਇਕ ਦੀ ਪਤਨੀ ਵਲੋਂ ਮੇਲਾ ਪ੍ਰਬੰਧਾਂ ਨੂੰ ਲੈ ਡਿਪਟੀ ਕਮਿਸ਼ਨਰ ਨੂੰ ਤਾੜਨਾ ਕੀਤੀ ਗਈ , ਜਿਸ ਕਾਰਨ ਡਿਪਟੀ ਕਮਿਸ਼ਨਰ ਰੋਂਦੇ ਹੋਏ ਉਥੋਂ ਚਲੇ ਗਏ।
ਮਿਲੀ ਜਾਣਕਾਰੀ ਮੁਤਾਬਿਕ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਤਨੀ ਸੂਫ਼ੀਆਨਾ ਏ ਸ਼ਾਮ ਵਿਚ ਆਪਣੇ ਕੁਝ ਸਾਥੀਆਂ ਸਮੇਤ ਸਮਾਗਮ ਵਿਚ ਪਹੁੰਚੇ ਸਨ ਜਿਥੇ ਉਹਨਾਂ ਨੂੰ ਤਾਂ ਵੀਵੀਆਈਪੀ ਕਤਾਰ ਵਿਚ ਕੁਰਸੀ ਮਿਲ ਗਈ ਸੀ ਪਰ ਉਹਨਾਂ ਦੇ ਸਾਥੀਆਂ ਨੂੰ ਬੈਠਣ ਲਈ ਜਗ੍ਹਾ ਨਹੀਂ ਸੀ ਮਿਲੀ ਜਿਸ ਤੋਂ ਦਸਿਆ ਜਾ ਰਿਹਾ ਕਿ ਖਫਾ ਹੋ ਕਿ ਵਿਧਾਇਕ ਦੇ ਪਤਨੀ ਸਮਾਗਮ ਵਿਚੋਂ ਚਲੇ ਗਏ ਸਨ ਜਿੰਨਾ ਨੂੰ ਪ੍ਰਸ਼ਾਸ਼ਨ ਨੇ ਮਨਾ ਕੇ ਦੁਬਾਰਾ ਵਾਪਸ ਲਿਆਂਦਾ ਸੀ।
ਕਿਹਾ ਜਾ ਰਿਹਾ ਕਿ ਇਸੇ ਕਾਰਨ ਵਿਧਾਇਕ ਦੀ ਪਤਨੀ ਨੇ ਡੀਸੀ ਫਰੀਦਕੋਟ ਨੂੰ ਤਾੜਣਾ ਪਾਈ ਸੀ। ਫਿਲਹਾਲ ਹਲਕਾ ਵਿਧਾਇਕ ਜਾ ਉਹਨਾਂ ਦੀ ਪਤਨੀ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਇਸ ਮਾਮਲੇ ਵਿਚ ਕੋਈ ਵੀ ਬਿਆਨ ਨਾ ਦੇਣ ਨੂੰ ਕਹਿ ਕੇ ਗੱਲ ਖਤਮ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸੂਫ਼ੀਆਨਾ ਏ ਸ਼ਾਮ ਵਾਲੇ ਦਿਨ ਪ੍ਰਸ਼ਾਸ਼ਨ ਨੇ ਬਿਨਾਂ ਕੋਈ ਪਹਿਲਾਂ ਜਾਣਕਾਰੀ ਦਿੱਤੇ ਕਰੀਬ 4 ਵਜੇ ਪੂਰਾ ਮੇਲਾ ਬੰਦ ਕਰ ਕੇ ਮੇਲਾ ਗਰਾਉਂਡ ਖਾਲੀ ਕਰਵਾ ਲਿਆ ਸੀ ਅਤੇ ਸਿਰਫ ਸਤਿੰਦਰ ਸਰਤਾਜ ਦਾ ਸਮਾਗਮ ਹੀ ਊਸ ਰਾਤ ਚੱਲਿਆ ਸੀ ਜਿਸ ਵਿਚ ਸਿਰਫ ਪਾਸ ਹੋਲਡਰ ਨੂੰ ਹੀ ਅੰਦਰ ਆਉਣ ਦੀ ਆਗਿਆ ਸੀ ਜਿਸ ਕਾਰਨ ਵੱਡੀ ਗਿਣਤੀ ਲੋਕ ਖੱਜਲ ਹੋਏ ਅਤੇ ਉਹਨਾਂ ਵਲੋਂ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸੀ। ਜਿਸ ਤੋਂ ਬਾਅਦ ਹਲਕਾ ਵਿਧਾਇਕ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਪੋਸਟ ਸਾਂਝੀ ਕਰ ਜਨਤਕ ਤੌਰ ਤੇ ਲੋਕਾਂ ਤੋਂ ਮਾੜੇ ਪ੍ਰਬੰਧਾਂ ਬਾਰੇ ਮੁਆਫੀ ਮੰਗੀ ਸੀ।
ਇਹ ਵੀ ਪੜੋ:ਜੀਟੀ ਰੋਡ ਉੱਤੇ 20 ਘੰਟੇ ਡਟੇ ਰਹੇ ਕਿਸਾਨ, ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇ !