ਫ਼ਰੀਦਕੋਟ: ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸਤ ਭੱਖਦੀ ਜਾ ਰਹੀ ਹੈ। ਪੰਜਾਬ ਦੇ ਵੱਖ ਵੱਖ ਹਿੱਸਿਆ ਤੋਂ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਵੀ ਫ਼ਰੀਦਕੋਟ ਤੋਂ ਅਕਾਲੀ ਦਲ ਨੇ ਰੰਧਾਵਾ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਐਸਐਸਪੀ ਨੂੰ ਇੱਕ ਦਰਖ਼ਾਸਤ ਸੌਂਪੀ ਹੈ।
ਵਾਇਰਲ ਵੀਡੀਓ 'ਤੇ ਭਖੀ ਸਿਆਸਤ, ਰੰਧਾਵਾ ਵਿਰੁੱਧ ਅਕਾਲੀ ਦਲ ਨੇ ਕੀਤੀ ਕਾਰਵਾਈ ਦੀ ਮੰਗ - ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ
ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਵੀਡੀਓ ਕਾਰਨ ਪੰਜਾਬ ਦਾ ਸਿਆਸੀ ਮਾਹੌਲ ਭਖ ਗਿਆ ਹੈ। ਫ਼ਰੀਦਕੋਟ ਤੋਂ ਅਕਾਲੀ ਦਲ ਨੇ ਰੰਧਾਵਾ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਐਸਐਸਪੀ ਨੂੰ ਇੱਕ ਦਰਖ਼ਾਸਤ ਸੌਂਪੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ਼ ਸਿੰਘ ਰੋਮਾਣਾ ਅਤੇ ਜ਼ਿਲ੍ਹਾ ਜਥੇਦਾਰ ਮਨਤਾਰ ਸਿੰਘ ਬਰਾੜ ਦੀ ਅਗਵਾਈ ਵਿੱਚ ਐਸਐਸਪੀ ਫ਼ਰੀਦਕੋਟ ਨੂੰ ਲਿਖ਼ਤ ਦਰਖ਼ਾਸਤ ਦਿੱਤੀ ਗਈ। ਉਨ੍ਹਾਂ ਦਰਖ਼ਾਸਤ 'ਚ ਲਿਖਿਆ ਕਿ ਉਨ੍ਹਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਸ ਲਈ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਜਾਵੇ ਤੇ ਨਾਲ ਹੀ ਉਨ੍ਹਾਂ ਨੂੰ ਕੈਬਿਨੇਟ ਵਿਚੋਂ ਬਰਖ਼ਾਸਤ ਕੀਤੇ ਜਾਣ ਦੀ ਵੀ ਮੰਗ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿੱਚ ਸੁਖਜਿੰਦਰ ਰੰਧਾਵਾ ਦੇ ਹੱਥ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਸੀ, ਜਿਸ ਬਾਰੇ ਉਹ ਬੋਲ ਰਹੇ ਹਨ ਕਿ ਤੁਸੀਂ ਬਾਬੇ ਨਾਨਕ ਨੂੰ ਫ਼ੌਜੀ ਬਣਾ ਦਿੱਤਾ ਤੇ ਇਹ ਕੈਪਟਨ ਵਰਗੇ ਲੱਗ ਰਹੇ ਹਨ। ਇਸ ਵੀਡੀਓ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਕਾਫ਼ੀ ਭੱਖ ਗਿਆ ਹੈ।