ਫਰੀਦਕੋਟ:ਆਮ ਆਦਮੀਂ ਪਾਰਟੀ ਦੀ ਸਰਕਾਰ ਨੂੰ ਬਣਿਆਂ ਛੇ ਮਹੀਨੇ ਪੂਰੇ ਹੋ ਗਏ ਹਨ ਅਤੇ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕਰਦੇ ਪੋਸਟਰ ਸੂਬੇ ਅੰਦਰ ਲਗਾਏ ਜਾ ਰਹੇ ਹਨ ਕਿ ਸਾਡਾ ਕੰਮ ਬੋਲਦਾ, ਪਰ ਸਰਕਾਰ ਦੇ ਕੰਮ ਕਾਜ ਦੀ ਅਸਲ ਸਚਾਈ ਫਰੀਦਕੋਟ ਵਿਚ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਹਲਕਾ ਵਿਧਾਇਕ ਦੀ ਰਿਹਾਇਸ਼ੀ ਕਲੌਨੀ ਦੇ ਗੇਟ ਬਾਹਰ ਆਮ ਆਦਮੀ ਪਾਰਟੀ ਦੀਆਂ ਮਹਿਲਾ ਆਗੂਆਂ ਵੱਲੋਂ ਚਾਹ ਦੀ ਸਟਾਲ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਮਹਿਲਾ ਆਗੂਆਂ ਦੇ ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੱਲੋ ਇਹਨਾਂ ਨੂੰ ਸਮਝਾ ਕੇ ਇਕ ਵਾਰ ਚਾਹ ਦੀ ਸਟਾਲ ਹਟਵਾ ਦਿੱਤੀ ਅਤੇ ਉਨ੍ਹਾਂ ਦਾ ਮਸਲਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।
ਗੱਲਬਾਤ ਕਰਦਿਆਂ ਮਹਿਲਾ ਆਗੂਆਂ ਨੇ ਦੱਸਿਆ ਕਿ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਂਮ ਆਦਮੀਂ ਪਾਰਟੀ ਦੀ ਜਿੱਤ ਲਈ ਜੀਅ ਤੋੜ ਕੋਸ਼ਿਸ਼ਾਂ ਕੀਤੀਆਂ। ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ ਪਰ ਉਸ ਮਿਹਨਤ ਦਾ ਮੁੱਲ ਉਹਨਾਂ ਨੂੰ ਇਹ ਮਿਲ ਰਿਹਾ ਕਿ ਉਹਨਾਂ ਨੂੰ ਹਲਕਾ ਵਿਧਾਇਕ ਦੇ ਘਰ ਬਾਹਰ ਚਾਹ ਦੀ ਸਟਾਲ ਲਗਾਉਣੀ ਪੈ ਗਈ ਹੈ।