ਫਰੀਦਕੋਟ: ਫਿਰੋਜ਼ਪੁਰ ਦੀ ਜੇਲ੍ਹ ਅੰਦਰ ਬੰਦ ਕਤਲ ਕੇਸ ਦੇ ਮੁਲਜ਼ਮ 22 ਸਾਲ ਦੇ ਹਵਾਲਾਤੀ ਸਾਜਨ ਕੁਮਾਰ ਪੁੱਤਰ ਹੰਸਰਾਜ ਵਾਸੀ ਫਾਜ਼ਿਲਕਾ ਦੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਦੋਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਫਿਰੋਜ਼ਪੁਰ ਜੇਲ੍ਹ ਪ੍ਰਸਾਸ਼ਨ ਉੱਤੇ ਸਮੇਂ ਸਿਰ ਇਲਾਜ ਨਾ ਕਰਵਾਉਣ ਦੇ ਇਲਜ਼ਾਮ ਲਗਾ ਰਹੇ ਹਨ। ਮ੍ਰਿਤਕ ਦੇ ਭਰਾ ਵਿਕਾਸ ਨੇ ਦੱਸਿਆ ਕਿ 2022 ਵਿੱਚ ਉਸ ਦੇ ਭਰਾ ਅਤੇ ਸੱਤ ਹੋਰ ਲੋਕਾਂ ਖਿਲਾਫ ਕਤਲ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਹੋਇਆ ਸੀ। ਗ੍ਰਿਫਤਾਰੀ ਤੋਂ ਬਾਅਦ ਉਸਦਾ ਭਰਾ ਲਾਗਾਤਰ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਬੰਦ ਸੀ, ਜਿੱਥੇ ਉਸ ਨੂੰ ਕਰੀਬ ਡੇਢ ਮਹੀਨਾ ਪਹਿਲਾ ਦਰਦ ਹੋਣ ਦੇ ਚੱਲਦੇ ਫਰੀਦਕੋਟ ਮੈਡੀਕਲ ਹਸਪਤਾਲ ਲਿਆਂਦਾ ਗਿਆ ਸੀ।
ਇਸ ਤੋਂ ਕੁੱਝ ਦਿਨ ਬਾਅਦ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ । ਪੀਜੀਆਈ ਦੇ ਡਾਕਟਰਾਂ ਵੱਲੋਂ ਉਸ ਦੇ ਟੈਸਟ ਕਰਵਾਉਣ ਤੋਂ ਬਾਅਦ ਉਸ ਦੇ ਦਿਲ ਦੀ ਨਾੜ ਨੁਕਸਾਨੀ ਦੱਸ ਕੇ 3 ਜੁਲਾਈ ਨੂੰ ਹਸਪਤਾਲ ਲਿਆਉਣ ਲਈ ਲਿਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਵਾਪਿਸ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ, ਪਰ ਲਾਗਾਤਰ ਉਸ ਦੀ ਹਾਲਤ ਉੱਥੇ ਖ਼ਾਰਬ ਹੁੰਦੀ ਗਈ। ਉਸ ਤੋਂ ਬਾਅਦ ਜੇਲ੍ਹ ਪ੍ਰਸਾਸ਼ਨ ਵੱਲੋਂ ਅਣਗਹਿਲੀ ਵਰਤਦੇ ਹੋਏ ਮੁੜ ਇਲਾਜ ਲਈ ਪੀਜੀਆਈ ਨਹੀਂ ਲਿਜਾਇਆ ਗਿਆ।