20 ਸਾਲਾ ਨੌਜਵਾਨ ਦੀ ਮਲੇਸ਼ੀਆ 'ਚ ਹੋਈ ਮੌਤ ਫਰੀਦਕੋਟ:ਪੰਜਾਬ ਦੇ ਨੌਜਵਾਨ ਆਏ ਦਿਨ ਬੇਰੁਜਗਾਰੀ ਤੋਂ ਤੰਗ ਹੋ ਕੇ ਆਪਣੇ ਚੰਗੇਰੇ ਭਵਿੱਖ ਦੀ ਤਲਾਸ਼ ਲਈ ਵਿਦੇਸ਼ਾਂ ਵੱਲ ਨੂੰ ਕੂਚ ਕਰ ਰਹੇ ਹਨ। ਕੰਮਾਂ ਕਾਰਾਂ ਦੀ ਅਜਿਹੀ ਭੱਜ ਦੌੜ ਵਿੱਚ ਮਾਪਿਆਂ ਦੇ ਕਈ ਲਾਡਲੇ ਪੁੱਤ ਕਈ ਵਾਰ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ ਅਤੇ ਪਿੱਛੇ ਪਰਿਵਾਰ ਸਿਵਾਏ ਪਛਤਾਵਾ ਕਰਨ ਦੇ ਕੁਝ ਵੀ ਕਰਨ ਤੋਂ ਅਸਮਰੱਥ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਨੱਥੇਵਾਲਾ ਤੋਂ ਜਿੱਥੋਂ ਦਾ ਰਹਿਣ ਵਾਲਾ 20 ਸਾਲਾ ਨੌਜਵਾਨ ਕਰਮਪ੍ਰੀਤ ਸਿੰਘ ਜਿਸ ਦਾ ਹਾਲੇ ਵਿਆਹ ਵੀ ਨਹੀਂ ਹੋਇਆ ਸੀ। ਨੌਜਵਾਨ ਮਲੇਸ਼ੀਆ ਵਿਚ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਕੇ ਕਈ ਦਿਨਾਂ ਦੇ ਇਲਾਜ ਤੋਂ ਬਾਅਦ ਆਖਰ ਦਮ ਤੋੜ ਗਿਆ ਅਤੇ ਹੁਣ ਪਰਿਵਾਰ ਉਸ ਦੀ ਲਾਸ਼ ਪੰਜਾਬ ਲਿਆਉਣ ਲਈ ਮਦਦ ਦੀ ਗੁਹਾਰ ਲਗਾ ਰਿਹਾ।(Death in Malaysia)
ਮਲੇਸ਼ੀਆ ਗਏ ਦੀ ਵਿਗੜੀ ਸਿਹਤ:ਮ੍ਰਿਤਕ ਦੇ ਰਿਸ਼ਤੇਦਾਰ ਨੇ ਗੱਲਬਾਤ ਕਰਦਿਆ ਦੱਸਿਆ ਕਿ ਉਸ ਦਾ ਭਰਾ ਕਰਮਪ੍ਰੀਤ ਸਿੰਘ ਕਰੀਬ ਇਕ ਸਾਲ ਪਹਿਲਾਂ ਮਲੇਸ਼ੀਆ ਗਿਆ ਸੀ ਅਤੇ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਪਿਛਲੇ ਮਹੀਨੇ ਉਸ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਕਾਰਨ ਉਸ ਦੇ ਸਾਥੀਆਂ ਨੇ ਉਸ ਨੂੰ ਮਲੇਸ਼ੀਆ ਵਿਖੇ ਹੀ ਕਿਸੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਉਥੇ ਉਸ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਚਲੀ ਗਈ ਅਤੇ ਆਖਰ 31 ਅਗਸਤ 2023 ਨੂੰ ਉਹ ਦਮ ਤੋੜ ਗਿਆ।
ਇਲਾਜ ਦੌਰਾਨ ਨੌਜਵਾਨ ਨੇ ਤੋੜਿਆ ਦਮ: ਰਿਸ਼ਤੇਦਾਰ ਨੇ ਦੱਸਿਆ ਕਿ ਪਰਿਵਾਰ ਨੇ ਉਸ ਦੇ ਇਲਾਜ ਲਈ ਆਪਣੇ ਘਰ ਦੀ ਅੱਧੀ ਥਾਂ ਵੇਚ ਕੇ ਮਲੇਸ਼ੀਆ 'ਚ ਪੈਸੇ ਵੀ ਭੇਜੇ ਸਨ। ਸਮਾਜ ਸੇਵੀਆਂ ਅਤੇ ਪਿੰਡ ਵਾਲਿਆਂ ਨੇ ਵੀ ਉਹਨਾਂ ਦੀ ਮਦਦ ਕੀਤੀ ਸੀ ਪਰ ਫਿਰ ਵੀ ਕਰਮਪ੍ਰੀਤ ਬਚ ਨਹੀਂ ਸਕਿਆ। ਉਹਨਾਂ ਦੱਸਿਆ ਕਿ ਜਿਸ ਹਸਪਤਾਲ ਵਿੱਚ ਕਰਮਪ੍ਰੀਤ ਦਾਖਲ ਸੀ, ਉਥੋਂ ਦਾ ਇਲਾਜ ਦਾ ਖਰਚਾ ਹਾਲੇ ਵੀ ਕਰੀਬ ਡੇਢ ਲੱਖ ਰੁਪਏ ਦੇਣ ਵਾਲਾ ਰਹਿੰਦਾ ਹੈ, ਜਿਸ ਕਾਰਨ ਹਸਪਤਾਲ ਪ੍ਰਸ਼ਾਸਨ ਕਰਮਪ੍ਰੀਤ ਦੀ ਲਾਸ਼ ਨਹੀਂ ਦੇ ਰਿਹਾ।
ਪੰਜਾਬ ਤੋਂ ਵੀ ਇਲਾਜ ਲਈ ਘਰ ਵੇਚੇ ਭੇਜੇ ਪੈਸੇ: ਪਰਿਵਾਰ ਨੇ ਦੱਸਿਆ ਕਿ ਇਸ ਦੇ ਨਾਲ ਹੀ ਲਾਸ਼ ਨੂੰ ਮਲੇਸ਼ੀਆ ਤੋਂ ਭਾਰਤ ਲਿਆਉਣ ਲਈ ਵੀ ਕਰੀਬ ਇਕ ਲੱਖ ਤੋਂ ਵੱਧ ਦਾ ਖਰਚਾ ਦੱਸਿਆ ਜਾ ਰਿਹਾ। ਉਹਨਾਂ ਦੱਸਿਆ ਕਿ ਪਰਿਵਾਰ ਨੇ ਤਾਂ ਪਹਿਲਾ ਹੀ ਕਰਜਾ ਚੁੱਕ ਕੇ ਕਰਮਪ੍ਰੀਤ ਨੂੰ ਵਿਦੇਸ਼ ਭੇਜਿਆ ਸੀ ਅਤੇ ਹੁਣ ਉਸ ਦੇ ਇਲਾਜ ਲਈ ਅੱਧਾ ਘਰ ਵੀ ਵੇਚ ਦਿੱਤਾ ਹੈ, ਇਸ ਲਈ ਹੁਣ ਉਹਨਾਂ ਪਾਸ ਇਕ ਵੀ ਪੈਸਾ ਨਹੀਂ ਬਚਿਆ। ਉਹਨਾਂ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾਂ ਹੀ ਉਹ ਬਹੁਤ ਖਰਚ ਕਰ ਚੁੱਕੇ ਹਨ। ਉਹਨਾਂ ਮੰਗ ਕੀਤੀ ਕਿ ਸਰਕਾਰ ਪਰਿਵਾਰ ਦੀ ਮਦਦ ਕਰੇ ਤਾਂ ਜੋ ਉਹ ਕਰਮਪ੍ਰੀਤ ਦਾ ਰੀਤੀ ਰਿਵਾਜਾਂ ਅਨੁਸਾਰ ਅੰਤਿਮ ਸਸਕਾਰ ਕਰ ਸਕਣ।
ਸਰਕਾਰਾਂ ਤੋਂ ਲਾਈ ਪਰਿਵਾਰ ਨੇ ਮਦਦ ਦੀ ਗੁਹਾਰ:ਇਸ ਮੋਕੇ ਕਰਮਪ੍ਰੀਤ ਸਿੰਘ ਦੀ ਮਾਤਾ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਤਿੰਨ ਲੜਕੇ ਹਨ। ਇਕ ਲੜਕਾ ਜੇਲ੍ਹ ਵਿਚ ਹੈ ਅਤੇ ਇਕ ਨਸ਼ੇੜੀ ਹੈ, ਜੋ ਚੰਗਾ ਸੀ ਉਹ ਮਲੇਸੀਆਂ ਚਲਾ ਗਿਆ ਸੀ। ਮਾਂ ਨੇ ਦੱਸਿਆ ਕਿ ਕਈ ਵਾਰ ਉਸ ਨੇ ਪਰਿਵਾਰ ਨੂੰ ਵਿਦੇਸ਼ ਤੋਂ ਪੈਸੇ ਵੀ ਭੇਜੇ ਸਨ ਅਤੇ ਉਸੇ ਦੀ ਕਮਾਈ ਨਾਲ ਹੀ ਘਰ ਦਾ ਗੁਜਾਰਾ ਚੱਲ ਰਿਹਾ ਸੀ ਪਰ ਪਤਾ ਨਹੀਂ ਕਿਉ ਕਰੀਬ ਇਕ ਮਹੀਨਾਂ ਪਹਿਲਾਂ ਉਹ ਅਜਿਹਾ ਬਿਮਾਰ ਹੋਇਆ ਕਿ ਮੁੜ ਉਠਿਆ ਹੀ ਨਹੀਂ। ਮ੍ਰਿਤਕ ਦੀ ਮਾਂ ਨੇ ਆਪਣੇ ਭਰ ਮਨ ਨਾਲ ਦੱਸਿਆ ਕਿ ਮਲੇਸ਼ੀਆ ਵਿਚ ਉਸ ਦੇ ਪੁੱਤ ਦੀ ਮੌਤ ਹੋ ਗਈ ਹੈ ਅਤੇ ਹੁਣ ਉਥੋਂ ਦੇ ਜਿਸ ਹਸਪਤਾਲ ਵਿੱਚ ਉਸ ਦਾ ਪੁੱਤਰ ਦਾਖ਼ਲ ਸੀ, ਉਹ ਹਸਪਤਾਲ ਵਾਲੇ ਇਲਾਜ ਦਾ ਖਰਚਾ ਜੋ ਕਰੀਬ ਡੇਢ ਲੱਖ ਰੁਪਏ ਬਣਦਾ ਹੈ, ਲਏ ਬਿਨਾਂ ਲਾਸ਼ ਨਹੀਂ ਦੇ ਰਹੇ। ਮਾਂ ਨੇ ਕਿਹਾ ਕਿ ਉਹ ਆਪਣੇ ਪੁੱਤ ਨੂੰ ਆਖਰੀ ਵਾਰ ਵੇਖਣਾ ਚਾਉਂਦੀ ਹੈ ਅਤੇ ਉਸ ਦੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਕਰਨਾ ਚਹੁੰਦੀ ਹੈ। ਇਸ ਲਈ ਸਰਕਾਰ ਉਸ ਦੀ ਮਦਦ ਕਰੇ ਤਾਂ ਜੋ ਉਸ ਦੇ ਪੁੱਤ ਦੀ ਲਾਸ਼ ਪੰਜਾਬ ਆ ਸਕੇ।