ਫਰੀਦਕੋਟ: ਜਜ਼ਬੇ ਨਾਲ ਭਰਪੂਰ ਇਹ ਬਜ਼ੁਰਗ ਜੋੜੇ ਦਾ ਕਹਿਣਾ ਹੈ ਕਿ ਹੌਂਸਲੇ ਅੱਗੇ ਉਮਰ ਕੋਈ ਮਾਇਨੇ ਨਹੀਂ ਰੱਖਦੀ। ਆਪਣੇ ਇਸੇ ਹੌਂਸਲੇ ਸਦਕਾ ਇਹ ਜੋੜਾ ਗੁਜਰਾਤ ਤੋਂ ਤੁਰ ਫਰੀਦਕੋਟ ਪੁੱਜਿਆ ਤੇ ਅੰਮ੍ਰਿਤਸਰ ਜਾ ਕੇ ਗੁਰੂਧਾਮ ਦੇ ਦਰਸ਼ਨ ਕਰਨਾ ਚਾਹੁੰਦਾ ਹੈ।
ਦੱਸ ਦਈਏ ਕਿ 75 ਸਾਲ ਦੇ ਮੋਹਲ ਲਾਲ ਚੌਹਾਨ ਤੇ 68 ਸਾਲ ਦੀ ਲੀਲਾ ਬੇਨਗੁਜਰਾਤ ਤੋਂ ਵੈਸ਼ਨੂੰ ਦੇਵੀ(ਜੰਮੂ-ਕਸ਼ਮੀਰ) ਦੀ ਯਾਤਰਾ ਲਈ ਮੋਟਰਸਾਇਕਲ 'ਤੇ ਨਿਕਲੇ ਹਨ, ਜੋ ਦੇਸ਼ ਅੰਦਰ ਭਾਈਚਾਰਕ ਸਾਂਝ ਅਤੇ ਰੁੱਖ ਲਗਾਉਣ ਦਾ ਸੁਨੇਹਾ ਦੇ ਰਹੇਹਨ।
ਇਸ ਜੋੜੇ ਦਾ ਕਹਿਣਾ ਹੈ ਕਿ ਉਹਨਾਂ ਦੀ ਉਮਰ ਜ਼ਿਆਦਾ ਹੈ ਪਰ ਹੌਂਸਲਾ ਉਸ ਤੋਂ ਵੀ ਜ਼ਿਆਦਾ। ਉਹ ਮੋਟਰਸਾਇਕਲ ਰਾਹੀਂ ਹੀ ਗੁਜਰਾਤ ਤੋਂ ਮਾਤਾ ਵੈਸ਼ਨੋਦੇਵੀ ਅਤੇ ਕੇਦਾਰਨਾਥ ਦੀ ਯਾਤਰਾ ਲਈ ਨਿਕਲੇ ਹਨ ਅਤੇ ਰਸਤੇ ਵਿਚ ਪੈਂਦੇ ਵੱਖ-ਵੱਖ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰ ਰਹੇ ਹਨ।
ਉਹਨਾਂ ਕਿਹਾ ਕਿ ਉਹ ਅੱਗੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਉਹ ਹੋਰ ਧਾਰਮਿਕ ਸਥਾਨਾਂ ਤੋਂ ਹੁੰਦੇ ਹੋਏ ਮਾਤਾ ਵੈਸ਼ਨੋਦੇਵੀ ਅਤੇ ਕੇਦਾਰਨਾਥ ਜੀ ਵਿਖੇ ਨਤਮਸਤਕ ਹੋਣਗੇ।
ਉੱਥੇ ਹੀ ਰਾਹ 'ਚ ਜਿਹੜਾ ਵੀ ਇਸ ਜੋੜੇ ਨੂੰ ਮਿਲ ਰਿਹਾ ਹੈ, ਇਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ। ਫਰੀਦਕੋਟ ਦੇ ਨਵਕਿਰਨ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਹੈ।