ਫਰੀਦਕੋਟ:ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਖੇਡਾਂ ਨਾਲ ਜੋੜਨ ਅਤੇ ਹਰ ਖੇਡ ਪ੍ਰਤੀ ਉਤਸ਼ਾਹਿਤ ਕਰਨ ਲਈ ਇੱਕ ਵੱਖਰਾ ਉਪਰਾਲਾ ਕੀਤਾ ਗਿਆ। ਜਿਸ ਵਿੱਚ (ਖੇਡਾਂ ਵਤਨ ਪੰਜਾਬ ਦੀਆਂ) ਨਾਮ ਹੇਠ ਪੂਰੇ ਪੰਜਾਬ ਵਿੱਚ ਹਰ ਪੱਧਰ ਦੀਆਂ ਖੇਡਾਂ ਕਰਵਾਈਆਂ ਗਈਆਂ। ਸਭ ਤੋਂ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਕੇ ਪੰਜਾਬ ਵਿੱਚ ਰਵਾਇਤੀ ਖੇਡ ਖੋ- ਖੋ ਜਿਹੜੀ ਕੇ ਹੁਣ ਅਲੋਪ ਹੁੰਦੀ ਦਿਖਾਈ ਦੇਣ ਲੱਗੀ ਸੀ ਕਿਉਂਕਿ, ਕ੍ਰਿਕਟ, ਹਾਕੀ, ਕਬੱਡੀ, ਵਾਲੀਵਾਲ ,ਰੈਸਲਿੰਗ ਸਮੇਤ ਅਜਿਹੀਆਂ ਕਾਫੀ ਖੇਡਾਂ ਹਨ ਜਿਹੜੀਆਂ ਵਰਲਡ ਪੱਧਰ ਤੇ ਖੇਡੀਆਂ ਜਾਂਦੀਆਂ ਨੇ ਤੇ ਉਨ੍ਹਾਂ ਦਾ ਨਾਮ ਹੀ ਹਰ ਖੇਤਰ ਚ ਦੇਖਣ ਨੂੰ ਮਿਲਦਾ ਹੈ। Faridkot latest news in Punjabi.
ਇਸ ਵਾਰ ਪੰਜਾਬ ਸਰਕਾਰ ਦੇ ਉਕਤ ਉਪਰਾਲੇ ਨੇ ਅਲੋਪ ਹੋ ਚੁੱਕੀ ਖੇਡ ਖੋ-ਖੋ ਨੂੰ ਵੀ ਸ਼ਾਮਿਲ ਕਰਕੇ ਉਸ ਦਾ ਨਾਮ ਚਮਕਾ ਦਿੱਤਾ ਹੈ ਤਾਂ ਇਸ ਖੇਡ ਨੂੰ ਪੰਜਾਬ ਦੇ ਲੋਕ, ਖਿਡਾਰੀ ਕਿੰਨਾ ਕੁ ਪੰਸਦ ਕਰਦੇ ਹਨ ਉਸਦੀ ਮਿਸਾਲ ਕਾਇਮ ਕਰ ਦਿੱਤੀ ਹੈ। ਫਰੀਦਕੋਟ ਜਿਲ੍ਹੇ ਦੇ ਪਿੰਡ ਸਿਵੀਆ ਦੀਆਂ 12 ਲੜਕੀਆਂ ਨੇ ਜਿਨ੍ਹਾਂ ਖੋ-ਖੋ ਦੀ ਖੇਡ ਚ ਅਜਿਹਾ ਮਾਰਕਾ ਮਾਰਿਆ ਕੇ ਗੋਲਡ ਮੈਡਲ ਹਾਸਿਲ ਕਰ ਇਸ ਖੇਡ ਪ੍ਰਤੀ ਨੌਜਵਾਨ ਪੀੜ੍ਹੀ ਦਾ ਕਿੰਨਾ ਉਤਸ਼ਾਹ ਹੈ, ਉਸ ਨੂੰ ਉਜਾਗਰ ਕਰ ਦਿੱਤਾ ਹੈ। ਇਸ ਵੱਡੀ ਪ੍ਰਾਪਤੀ ਲਈ ਪਿੰਡ ਵਾਸੀਆਂ ਅਤੇ ਉਸ ਸਕੂਲ ਦੇ ਸਟਾਫ ਨੇ ਜਿਥੋਂ ਇਨ੍ਹਾਂ ਲੜਕੀਆਂ ਨੇ ਪੜ੍ਹਾਈ ਦੁਰਾਨ ਇਸ ਗੇਮ ਨੂੰ ਖੇਡਣਾ ਸ਼ੁਰੂ ਕੀਤਾ ਸੀ, ਉਨ੍ਹਾਂ ਇਨ੍ਹਾਂ ਲੜਕੀਆਂ ਨੂੰ ਸਨਮਾਨਿਤ ਕਰਕੇ ਵੱਡੀ ਖੁਸ਼ੀ ਜ਼ਾਹਿਰ ਕੀਤੀ।
ਇਸ ਮੌਕੇ ਗੋਲਡ ਮੈਡਲ ਜਿੱਤਣ ਵਾਲੀਆਂ ਲੜਕੀਆਂ ਸੁਖਪ੍ਰੀਤ ਕੌਰ ਅਤੇ ਰਮਨਦੀਪ ਕੌਰ ਨੇ ਦੱਸਿਆ ਕਿ ਅੱਜ ਜੋ ਉਨ੍ਹਾਂ ਨੂੰ ਮਾਣ ਸਨਮਾਨ ਮਿਲਿਆ ਹੈ। ਇਹ ਸਾਰਾ ਸਿਹਰਾ ਉਨ੍ਹਾਂ ਦੇ ਸਕੂਲ ਦੀ ਟੀਚਰ ਰਹੀ ਸਰਬਜੀਤ ਕੌਰ ਸਿਰ ਜਾਂਦਾ ਹੈ ਜੋ ਇਥੇ DPE ਸਨ। ਜਿਨ੍ਹਾਂ ਉਨ੍ਹਾਂ ਨੂੰ ਇਸ ਖੇਡ ਪ੍ਰਤੀ ਉਤਸ਼ਾਹਿਤ ਕੀਤਾ ਜਿਹੜੇ ਖੁਦ ਵੀ ਖ਼ੋ-ਖ਼ੋ ਨੈਸ਼ਨਲ ਪੱਧਰ ਤੱਕ ਖੇਡ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੈਡਮ ਨੇ ਉਨ੍ਹਾਂ ਨੂੰ ਆਪਣੇ ਘਰ ਦੇ ਵਿੱਚ ਇੱਕ ਗਰਾਉਂਡ ਤਿਆਰ ਕਰਕੇ ਪ੍ਰੈਕਟਿਸ ਕਰਵਾਈ। ਜਿਸ ਦਾ ਨਤੀਜਾ ਅੱਜ ਤੁਸੀਂ ਦੇਖ ਰਹੇ ਹੋ ਕੇ ਖੇਡਾਂ ਵਤਨ ਪੰਜਾਬ ਦੀਆਂ ਦੁਰਾਨ ਗੋਲਡ ਮੈਡਲ ਪ੍ਰਾਪਤ ਹੋਇਆ। ਇਸ ਮੌਕੇ ਉਨ੍ਹਾਂ ਮੈਡਮ ਦੇ ਨਾਲ ਪਿੰਡ ਵਾਸੀਆਂ, ਚੜ੍ਹਦੀ ਕਲਾ ਸੰਸਥਾ ਦਾ ਵੀ ਦਿਲੋਂ ਧੰਨਵਾਦ ਕੀਤਾ ਅਤੇ ਨਾਲ ਹੀ ਸਰਕਾਰ ਨੂੰ ਪਿੰਡ ਵਿੱਚ ਵਧੀਆ ਤਰੀਕੇ ਦੀ ਗਰਾਉਂਡ ਬਣਾਉਣ ਦੀ ਗੁਹਾਰ ਲਗਾਈ।