ਚੰਡੀਗੜ੍ਹ: ਕੋਵਿਡ-19 ਮਹਾਂਮਾਰੀ ਸਬੰਧੀ ਭਰਮ ਫੈਲਾਉਣ ‘ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਿੰਸ ਖੁੱਲਰ ਨੇ ਮਰੀਜ਼ਾਂ ਨਾਲ ਵਧ ਰਹੇ ਭੇਦ-ਭਾਵ ਅਤੇ ਵਿਤਕਰੇ ਨੂੰ ਦੂਰ ਕਰਨ ਲਈ ਵਿਆਪਕ ਸੋਸ਼ਲ ਮੀਡੀਆ ਮੁਹਿੰਮ ਵਿੱਢਣ 'ਤੇ ਜ਼ੋਰ ਦਿੱਤਾ।
ਪੰਜਾਬ ਦੇ ਡੀ.ਜੀ.ਪੀ. ਨੂੰ ਕੋਰੋਨਾ ਬਿਮਾਰੀ ਸਬੰਧੀ ਗ਼ਲਤ ਧਾਰਨਾਵਾਂ ਫੈਲਾਉਣ ਅਤੇ ਝੂਠੀਆਂ ਅਤੇ ਗੁੰਮਰਾਹਕੁੰਨ ਵੀਡੀਓ ਪ੍ਰਸਾਰਿਤ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ ਕਰਨ ਸਬੰਧੀ ਨਿਰਦੇਸ਼ ਦੇਣ 'ਤੇ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਪੌਜ਼ੀਟਿਵ ਮਰੀਜ਼ਾਂ ਨੂੰ ਕੋਵਿਡ-19 ਸਬੰਧੀ ਭਰੋਸੇਯੋਗ ਅਤੇ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਗ਼ਲਤ ਜਾਣਕਾਰੀ ਦੇ ਸ਼ਿਕਾਰ ਨਾ ਹੋਣ ਅਤੇ ਛੇਤੀ ਸਿਹਤਯਾਬ ਹੋਣ ਲਈ ਉਨ੍ਹਾਂ ਦੇ ਮਨੋਬਲ ਨੂੰ ਹੁਲਾਰਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਉਨ੍ਹਾਂ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰੇਗੀ, ਜਿਹੜੇ ਕੋਵਿਡ-19 ਦੇ ਨਾਲ-ਨਾਲ ਮਾਨਸਿਕ ਪ੍ਰੇਸ਼ਾਨੀ ਤੋਂ ਪੀੜਤ ਹਨ।
ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਅਜਿਹੀਆਂ ਅਫ਼ਵਾਹਾਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ ਅਤੇ ਅਜਿਹੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਇਸ ਮਹਾਂਮਾਰੀ ਵਿਰੁੱਧ ਲੜਦਿਆਂ ਆਪਣੀ ਜਾਨ ਗੁਆਉਣ ਵਾਲੇ ਕੋਰੋਨਾ ਯੋਧਿਆਂ ਨਾਲ ਹਮਦਰਦੀ ਵੀ ਜ਼ਾਹਰ ਕੀਤੀ।
ਸੀਨੀਅਰ ਵਾਈਸ ਚੇਅਰਮੈਨ ਨੇ ਕਿਹਾ ਕਿ ਸਾਵਧਾਨੀ ਵਾਲੇ ਉਪਾਵਾਂ ਦੀ ਵਰਤੋਂ ਕਰਨ ਲਈ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਸਿਹਤ ਸਬੰਧੀ ਸਾਵਧਾਨੀਆਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਵੱਖ-ਵੱਖ ਖੋਜਾਂ ਨੇ ਸਪੱਸ਼ਟ ਕੀਤਾ ਹੈ ਕਿ ਮੁੱਢਲੀਆਂ ਸਾਵਧਾਨੀਆਂ ਜਿਵੇਂ ਮਾਸਕ ਪਾਉਣਾ, ਨਿਰੰਤਰ ਹੱਥ ਧੋਣੇ ਅਤੇ ਆਪਸੀ ਦੂਰੀ ਕਾਇਮ ਰੱਖਣਾ ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿਚ ਕਾਫ਼ੀ ਕਾਰਗਰ ਹਨ ਪਰ ਕੋਵਿਡ-19 ਕਾਰਨ ਦੂਜੇ ਦੇਸ਼ਾਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਵੇਖਦਿਆਂ ਲੋਕ ਘਬਰਾ ਗਏ ਹਨ ਅਤੇ ਉਨ੍ਹਾਂ ਦੇ ਮਨਾਂ ਵਿੱਚ ਸਹਿਮ ਪੈਦਾ ਹੋ ਗਿਆ ਹੈ, ਜੋ ਇਸ ਬਿਮਾਰੀ ਨੂੰ ਕਾਬੂ ਕਰਨ ਵਿੱਚ ਵੱਡਾ ਅੜਿੱਕਾ ਹੈ।
ਖੁੱਲਰ ਨੇ ਕਿਹਾ ਕਿ ਭਾਰਤ ਅਤੇ ਪੰਜਾਬ ਸਮੇਤ ਸਮੁੱਚਾ ਵਿਸ਼ਵ ਕੋਵਿਡ-19 ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਅਸੀਂ ਇਸ ਸੰਕਟਕਾਲੀ ਦੌਰ ਵਿੱਚੋਂ ਲੰਘ ਰਹੇ ਹਾਂ। ਜੇ ਕੋਈ ਅਫ਼ਵਾਹ ਫੈਲਾ ਕੇ ਲੋਕਾਂ ਨੂੰ ਕੋਰੋਨਾ ਬਾਰੇ ਗੁੰਮਰਾਹ ਕਰਦਾ ਜਾਂ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕਰਦਾ ਪਾਇਆ ਗਿਆ ਤਾਂ ਲੋਕ ਤੁਰੰਤ ਸਿਹਤ ਜਾਂ ਪੁਲਿਸ ਵਿਭਾਗ ਨੂੰ ਸੂਚਿਤ ਕਰਨ ਤਾਂ ਜੋ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ।