ਚੰਡੀਗੜ੍ਹ: ਇੱਕ ਪਾਸੇ ਜਿੱਥੇ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਰਵਨੀਤ ਬਿੱਟੂ ਯੂਥ ਕਾਂਗਰਸ ਦੇ ਵਰਕਰਾਂ ਨੂੰ ਗਾਇਕ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੀ ਦੇ ਖ਼ਿਲਾਫ਼ ਪਰਚੇ ਦਰਜ ਕਰਵਾਉਣ ਦੀ ਅਪੀਲ ਕਰ ਰਹੇ ਹਨ, ਉਥੇ ਹੀ ਹੁਣ ਦੂਜੇ ਪਾਸੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਯੂਥ ਕਾਂਗਰਸ ਪਰਚੇ ਦਰਜ ਕਰਵਾਉਣ ਵਾਲੇ ਪਾਸੇ ਨਹੀਂ ਜਾਵੇਗੀ।
ਬਿੱਟੂ ਖ਼ਿਲਾਫ਼ ਹੋਈ ਯੂਥ ਕਾਂਗਰਸ, ਦਿਲਜੀਤ ਤੇ ਜੈਜ਼ੀ ਬੀ ਖ਼ਿਲਾਫ਼ ਪਰਚੇ ਦਰਜ ਕਰਾਉਣ ਤੋਂ ਕੀਤੀ ਨਾਂਹ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪਰਚੇ ਦਰਜ ਕਰਵਾ ਕੇ ਯੂਥ ਕਾਂਗਰਸ ਪਰਚੇ ਦਰਜ ਕਰਵਾਉਣ ਵਾਲੀ ਸੰਸਥਾ ਨਹੀਂ ਬਣਨਾ ਚਾਹੁੰਦੀ, ਉਨ੍ਹਾਂ ਕਿਹਾ ਕਿ ਪਰਚਿਆਂ ਦੀ ਰਾਜਨੀਤੀ ਤੋਂ ਯੂਥ ਕਾਂਗਰਸ ਨੂੰ ਬਾਹਰ ਰਹਿਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੇ ਵਰਕਰ ਜੇਕਰ ਗਾਇਕਾਂ ਖ਼ਿਲਾਫ਼ ਪਰਚੇ ਦਰਜ ਕਰਵਾਉਣਗੇ ਤਾਂ ਇਸ ਦਾ ਸੂਬੇ ਭਰ ਦੇ ਵਿੱਚ ਮਾੜਾ ਪ੍ਰਭਾਵ ਪਵੇਗਾ। ਉੱਥੇ ਹੀ ਬਰਿੰਦਰ ਢਿੱਲੋਂ ਨੇ ਇਹ ਵੀ ਕਿਹਾ ਕਿ ਖਾਲਿਸਤਾਨ ਦੇ ਮੁੱਦੇ 'ਤੇ ਰਵਨੀਤ ਸਿੰਘ ਬਿੱਟੂ ਤੋਂ ਵਧੀਆ ਕੋਈ ਵੀ ਲੈਕਚਰ ਨਹੀਂ ਦੇ ਸਕਦਾ ਪਰ ਉਹ ਪਰਚਾ ਨਿੱਜੀ ਤੌਰ 'ਤੇ ਕੇਸ ਦਰਜ ਕਰਵਾ ਸਕਦੇ ਹਨ ਪਰ ਯੂਥ ਕਾਂਗਰਸ ਇਸ ਤਰ੍ਹਾਂ ਦੇ ਪਰਚੇ ਦਰਜ ਨਹੀਂ ਕਰਵਾਏਗੀ।
ਇਹ ਵੀ ਪੜੋ: ਖਾਲਿਸਤਾਨ ਦੇ ਨਾਂਅ 'ਤੇ ਨੌਜਵਾਨਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਦਿਲਜੀਤ ਤੇ ਜੈਜ਼ੀ ਬੀ: ਰਵਨੀਤ ਬਿੱਟੂ
ਬਰਿੰਦਰ ਢਿੱਲੋਂ ਨੇ ਇਹ ਵੀ ਕਿਹਾ ਜੇਕਰ ਯੂਥ ਕਾਂਗਰਸ ਪਰਚੇ ਦਰਜ ਕਰਵਾਏਗੀ ਤਾਂ ਲੋਕਾਂ ਨੂੰ ਇਹ ਸੁਨੇਹਾ ਜਾਏਗਾ ਕਿ ਯੂਥ ਕਾਂਗਰਸ ਧੱਕੇ ਕਰਦੀ ਹੈ ਅਤੇ ਪਰਚੇ ਦਰਜ ਕਰਵਾਉਂਦੀ ਹੈ।