ਚੰਡੀਗੜ੍ਹ :ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਤਲਵਾੜਾ, ਹੁਸ਼ਿਆਰਪੁਰ ਖੇਤਰ 'ਚ ਗੁੱਜਰ ਭਰਾਵਾਂ ਨੂੰ ਦੁੱਧ ਵੇਚਣ 'ਚ ਅਤੇ ਖਾਣ-ਪੀਣ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਸੀ ਕਿ ਗੁੱਜਰ ਭਰਾ, ਜੋ ਕਿ ਦੁੱਧ ਵੇਚਣ ਦਾ ਕੰਮ ਕਰਦੇ ਹਨ। ਲੌਕਡਾਊਨ ਕਾਰਨ ਦੁੱਧ ਵੇਚਣ ਅਤੇ ਖਾਣਾ ਉਪਲੱਬਧ ਨਾ ਹੋਣ ਸਬੰਧੀ ਦਿੱਕਤ ਆ ਰਹੀ ਸੀ। ਉਨ੍ਹਾਂ ਕਿਹਾ ਭਾਈਚਾਰੇ ਦੀ ਇਹ ਸਮੱਸਿਆ ਦੂਰ ਕਰ ਦਿੱਤੀ ਗਈ ਹੈ। ਉਨਾਂ ਨੂੰ ਖਾਣਾ ਅਤੇ ਰਾਸ਼ਨ ਮੁਹੱਈਆ ਕਰਵਾ ਦਿੱਤਾ ਗਿਆ ਹੈ।
ਅਰੋੜਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਨੇ ਮਿਲਕ ਪਲਾਂਟ ਗੁਰਦਾਸਪੁਰ ਦੇ ਵਾਹਨ ਰਾਹੀਂ ਇਨ੍ਹਾਂ ਦੁੱਧ ਚੁੱਕਣ ਦਾ ਪ੍ਰਬੰਧ ਕਰ ਦਿੱਤਾ ਹੈ ਅਤੇ ਕੁੱਝ ਲੀਟਰ ਦੁੱਧ ਦਸੂਹੇ 'ਚ ਵੇਚਣ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਭਾਈਚਾਰੇ ਦੀ ਸਮੱਸਿਆ ਦੂਰ ਕਰ ਦਿੱਤੀ ਗਈ ਹੈ।
ਅਰੋੜਾ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਗੁੱਜਰ ਭਾਈਚਾਰੇ ਦੇ ਇਹ ਭਰਾ ਇਨ੍ਹਾਂ ਦਿਨਾਂ 'ਚ ਹਿਮਾਚਲ ਚਲੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹਿਮਾਚਲ ਸਰਕਾਰ ਨੇ ਕੋਰੋਨਾ ਕਰਕੇ ਲੌਕਡਾਊਨ ਹੋਣ ਕਾਰਨ ਇਨ੍ਹਾਂ ਨੂੰ ਸੂਬੇ 'ਚ ਦਾਖਲ ਨਹੀਂ ਹੋਣ ਦਿੱਤਾ, ਜਿਸ ਕਾਰਨ ਇਨ੍ਹਾਂ ਨੂੰ ਵਾਪਸ ਪਰਤਣਾ ਪਿਆ।