ਚੰਡੀਗੜ੍ਹ : ਮੋਟਾਪਾ ਕਈ ਬਿਮਾਰੀਆਂ ਦੀ ਜੜ੍ਹ ਅਤੇ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਮੋਟਾਪੇ ਨਾਲ ਗ੍ਰਸਤ ਲੋਕਾਂ ਨੂੰ ਕਈ ਵਾਰ ਸਮਾਜਿਕ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪੰਜਾਬ 'ਚ ਇਕ ਤਿਹਾਈ ਔਰਤਾਂ ਤੇ ਮਰਦ ਮੋਟਾਪੇ ਦੇ ਸ਼ਿਕਾਰ ਹਨ, ਜਿਨ੍ਹਾਂ ਦੀ ਗਿਣਤੀ ਪੂਰੇ ਦੇਸ਼ ਨਾਲੋਂ ਕਿਤੇ ਜ਼ਿਆਦਾ ਹੈ। ਵਿਸ਼ਵ ਸਿਹਤ ਦਿਹਾੜੇ ਮੌਕੇ ਜਿਥੇ ਸਿਹਤ ਖੇਤਰ 'ਚ ਵੱਡੇ ਬਦਲਾਅ ਅਤੇ ਕ੍ਰਾਂਤੀ ਦੀ ਚਰਚਾ ਕੀਤੀ ਜਾਂਦੀ ਹੈ, ਉਥੇ ਹੀ ਅੱਜ ਮੋਟਾਪੇ ਦੀ ਸਮੱਸਿਆ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਮਰਦਾਂ ਨਾਲੋਂ ਔਰਤਾਂ ਜ਼ਿਆਦਾਤਰ ਮੋਟਾਪੇ ਦੀਆਂ ਸ਼ਿਕਾਰ :ਮਾਹਿਰਾਂ ਦੇ ਨਜ਼ਰੀਏ ਤੋਂ ਵੇਖੀਏ ਤਾਂ ਮੋਟਾਪੇ ਦੀ ਸਮੱਸਿਆ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਮੋਟਾਪਾ ਆਮ ਤੌਰ 'ਤੇ ਸਰੀਰਕ ਗਤੀਵਿਧੀਆਂ ਦੀ ਕਮੀ, ਅਕਿਰਿਆਸ਼ੀਲ ਜੀਵਨ ਸ਼ੈਲੀ, ਗਲਤ ਖਾਣ-ਪੀਣ ਦੀਆਂ ਆਦਤਾਂ, ਹਾਰਮੋਨਲ ਬਦਲਾਅ ਆਦਿ ਕਾਰਨ ਹੋ ਸਕਦਾ ਹੈ। ਮੋਟਾਪਾ ਔਰਤਾਂ ਵਿੱਚ ਕਈ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਪੰਜਾਬ ਦੇ ਵਿਚ 40 ਫ਼ੀਸਦੀ ਔਰਤਾਂ ਅਤੇ 32 ਫੀਸਦ ਮਰਦ ਇਸ ਬਿਮਾਰੀ ਦੇ ਸ਼ਿਕਾਰ ਹਨ। ਪੰਜਾਬ ਦੇ ਵਿਚ ਮੋਟਾਪਾ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਜ਼ਿਆਦਾ ਹੈ। ਪੰਜਾਬੀ ਆਪਣੇ ਖੁੱਲ੍ਹੇ ਸੁਭਾਅ, ਖੁੱਲ੍ਹੇ ਦਿਲ ਅਤੇ ਖੁੱਲ੍ਹੇ ਖਾਣ ਪੀਣ ਕਰਕੇ ਜਾਣੇ ਜਾਂਦੇ ਹਨ, ਜਿਸਦਾ ਅਸਰ ਉਨ੍ਹਾਂ ਦੀ ਸਿਹਤ 'ਤੇ ਵਿਖਾਈ ਦੇ ਰਿਹਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਖਾਣ-ਪੀਣ ਵਿੱਚ ਲਾਪਰਵਾਹੀ ਪੰਜਾਬੀਆਂ ਨੂੰ ਮੋਟਾਪੇ ਦਾ ਸ਼ਿਕਾਰ ਬਣਾ ਰਹੀ ਹੈ।
ਗਲਤ ਖਾਣ ਪੀਣ 'ਤੇ ਖਰਚਿਆ ਜਾ ਰਿਹਾ ਪੈਸਾ :ਪੰਜਾਬੀਆਂ ਦੇ ਖੁੱਲ੍ਹਾ ਖਰਚ ਕਰਨ ਦੀ ਆਦਤ ਉਨ੍ਹਾਂ ਨੂੰ ਗਲਤ ਚੀਜ਼ਾਂ 'ਤੇ ਖਰਚ ਕਰਨ ਦੇ ਰਾਹ ਵੱਲ ਲੈ ਕੇ ਜਾ ਰਹੀ ਹੈ। ਪੱਛਮੀ ਸੱਭਿਅਤਾ ਤੋਂ ਆਇਆ ਖਾਣ ਪੀਣ ਦਾ ਅੰਦਾਜ਼ ਹੁਣ ਬੱਚਿਆਂ ਨੂੰ ਫਾਸਟ ਫੂਡ ਅਤੇ ਡੱਬਾ ਬੰਦ ਖਾਣਿਆਂ ਵੱਲ ਲੈ ਕੇ ਜਾ ਰਿਹਾ ਹੈ, ਜੋ ਕਿ ਸਿਹਤ ਲਈ ਸਭ ਤੋਂ ਵੱਡੀ ਅਣਗਹਿਲੀ ਹੈ। ਪੁਰਾਣੀਆਂ ਖੁਰਾਕਾਂ ਛੱਡ ਕੇ ਆਧੁਨਿਕ ਖਾਣ ਪੀਣ ਨੇ ਮੋਟਾਪੇ ਦੇ ਨਾਲ-ਨਾਲ ਹੋਰ ਕਈ ਬਿਮਾਰੀਆਂ ਨੂੰ ਸੱਦਾ ਦਿੱਤਾ ਹੈ। ਰਹਿਣ-ਸਹਿਣ ਅਤੇ ਜੀਵਨ ਸ਼ੈਲੀ ਤੇਜ਼ੀ ਨਾਲ ਬਦਲ ਰਹੀ ਹੈ। ਖੇਤੀ ਧੰਦੇ ਅਤੇ ਮਿਹਨਤ ਵਾਲੇ ਕੰਮਾਂ ਚੋਂ ਨਿਕਲ ਕੇ ਮਸ਼ੀਨੀ ਯੁੱਗ ਵਿਚ ਪ੍ਰਵੇਸ਼ ਕਰਨ ਦਾ ਪ੍ਰਭਾਵ ਪੰਜਾਬੀਆਂ ਉੱਤੇ ਵੀ ਪਿਆ, ਜਿਸ ਕਰਕੇ ਸਰੀਰ ਦੀ ਵਰਜ਼ਿਸ਼ ਘਟੀ ਅਤੇ ਸਰੀਰ ਉੱਤੇ ਚਰਬੀ ਦੀ ਪਰਤ ਵਧੀ।
ਇਹ ਵੀ ਪੜ੍ਹੋ :Surface Siding: ਸਰਫੇਸ ਸੀਡਿੰਗ ਕਣਕ ਲਈ ਵਰਦਾਨ, ਭਾਰੀ ਮੀਂਹ ਤੇ ਗੜੇਮਾਰੀ ਦਾ ਵੀ ਨਹੀਂ ਅਸਰ, ਵੇਖੋ ਤੇ ਜਾਣੋ ਕਿ ਹੈ ਤਕਨੀਕ