ਚੰਡੀਗੜ੍ਹ: 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਪਾਣੀ, ਧਰਤੀ ਅਤੇ ਹਵਾ ਦੀ ਮਨੁੱਖੀ ਜ਼ਿੰਦਗੀ ਵਿਚ ਖਾਸ ਮਹੱਤਤਾ ਹੈ। ਆਧੁਨਿਕ ਦੌਰ ਵਿਚ ਹਵਾ, ਪਾਣੀ ਦੇ ਪ੍ਰਦੂਸ਼ਣ ਅਤੇ ਮਿੱਟੀ ਦੀ ਉਪਜਾਊ ਸ਼ਕਤੀ 'ਚ ਪੈਦਾ ਹੋ ਰਹੀਆਂ ਸਮੱਸਿਆਵਾਂ ਹਨ। ਪੰਜਾਬ ਵਿਚ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟਦਾ ਜਾ ਰਿਹਾ ਹੈ। ਪਰਾਲੀ ਦਾ ਧੂੰਆਂ ਅਤੇ ਫ਼ਸਲਾਂ ਵਿਚ ਕੈਮੀਕਲ ਦੀ ਵਰਤੋਂ ਜਾਨ ਦਾ ਖੌਅ ਬਣ ਰਹੇ ਹਨ। ਖੇਤੀ ਘਾਟੇ ਦਾ ਸੌਦਾ ਹੁੰਦਾ ਸਾਬਿਤ ਹੋ ਰਹੀ ਹੈ ਅਤੇ ਧਰਤੀ ਮਾਂ ਨਾਲੋਂ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈ। ਵਿਸ਼ਵ ਧਰਤੀ ਦਿਹਾੜੇ ਮੌਕੇ ਇਹਨਾਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਜ਼ਰੂਰਤ ਹੈ।
ਖੇਤੀ ਦੇ ਲਾਭ:'ਪੈਰਾਡੋਕਸੀਕਲ ਖੇਤੀ' ਤਕਨੀਕ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਜਿਸ ਦਾ ਫਾਇਦਾ ਇਹ ਹੈ ਕਿ ਕਣਕ ਅਤੇ ਝੋਨੇ ਦੀ ਖੇਤੀ ਕਰਕੇ ਜ਼ਮੀਨ ਦੀ ਜੋ ਸਖ਼ਤ ਤਹਿ ਹੈ ਉਸਨੂੰ ਨਰਮ ਬਣਾਇਆ ਜਾ ਸਕਦਾ ਹੈ। ਇਸ ਤਕਨੀਕ ਵਿਚ ਯੂਰੀਆ ਸਪਰੇਅ, ਕੀਟਨਾਸ਼ਕ, ਕੈਮੀਕਲ ਅਤੇ ਪੈਸਟੀਸਾਈਟਸ ਦੇ ਛਿੜਕਾਅ ਦੀ ਜ਼ਰੂਰਤ ਨਹੀਂ ਪੈਂਦੀ। ਜਿਸ ਨਾਲ ਹਵਾ ਅਤੇ ਪਾਣੀ ਪ੍ਰਦੂਸ਼ਣ ਰਹਿਤ ਬਣੇਗੀ। ਜੋ ਕਿ ਦੂਜੀਆਂ ਤਕਨੀਕਾਂ ਨਾਲੋ ਸਸਤੀ ਹੁੰਦੀ ਹੈ ਸਭ ਤੋਂ ਵੱਡੀ ਗੱਲ ਇਹ ਕਿ ਇਸ ਨਾਲ ਧਰਤੀ ਹੇਠਲੇ ਪਾਣੀ ਦੀ 10 ਗੁਣਾ ਬੱਚਤ ਹੁੰਦੀ ਹੈ। ਮੀਂਹ ਦਾ ਪਾਣੀ ਧਰਤੀ ਦੀ ਹੇਠਲੇ ਤਹਿ ਤੱਕ ਆਸਾਨੀ ਨਾਲ ਪਹੁੰਚੇਗਾ ਅਤੇ ਸਟੋਰ ਹੋ ਸਕੇਗਾ। ਫ਼ਸਲਾਂ ਨੂੰ ਕੀੜਿਆਂ, ਸੁੰਢੀ ਜਾਂ ਹੋਰ ਖ਼ਤਰਨਾਕ ਕੀੜਿਆਂ ਦਾ ਡਰ ਨਹੀਂ ਰਹਿੰਦਾ।
ਇਸ ਤਕਨੀਕ ਨਾਲ ਖੇਤੀ ਕਰਨ 'ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ। 'ਪੈਰਾਡੋਕਸੀਕਲ ਤਕਨੀਕ' 'ਤੇ ਕਈ ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਦੇ ਸਮਾਜਿਕ ਵਾਤਾਵਰਣ ਅਤੇ ਖੇਤੀਬਾੜੀ ਮਾਹਿਰ ਡਾ. ਵਿਨੋਦ ਚੌਧਰੀ ਇਸ ਤਕਨੀਕ 'ਤੇ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਟ੍ਰੇਨਿੰਗ ਦੇ ਰਹੇ ਹਨ। ਮਿੱਟੀ ਦੀ ਸ਼ੁੱਧਤਾ, ਹਵਾ 'ਚ ਤਾਜ਼ਗੀ ਅਤੇ ਪਾਣੀ ਸਫ਼ਾਈ ਦੀ ਜਾਗਰੂਕਤਾ ਲਈ ਹੀ ਵਿਸ਼ਵ ਧਰਤੀ ਦਿਹਾੜਾ ਮਨਾਇਆ ਜਾਂਦਾ ਹੈ ਇਸ ਲਈ ਇਹ ਤਕਨੀਕ ਧਰਤੀ ਅਤੇ ਵਾਤਾਵਰਨ ਨੂੰ ਬਚਾਉਣ ਵਿਚ ਲਾਹੇਵੰਦ ਹੋ ਸਕਦੀ ਹੈ।
ਕਈ ਦੁੱਖਾਂ ਦੀ ਇਕ ਦਵਾ 'ਪੈਰਾਡੋਕਸੀਕਲ ਖੇਤੀ': ਪੈਰਾਡੋਕਸੀਕਲ ਖੇਤੀ' ਤਕਨੀਕ ਦੁਨੀਆਂ ਦੇ ਕਈ ਦੇਸ਼ਾਂ ਵਿਚ ਵਰਤੀ ਜਾਂਦੀ ਹੈ। ਅਮਰੀਕਾ ਤੋਂ ਲੈ ਕੇ ਚੀਨ ਵਰਗੇ ਦੇਸ਼ਾਂ ਵਿਚ ਇਸ ਖੇਤੀ ਤਕਨੀਕ ਦੀ ਵਰਤੋਂ ਹੁੰਦੀ ਹੈ। ਇਹ ਖੇਤੀ ਤਕਨੀਕ 4 ਪੜਾਵਾਂ ਵਿਚ ਹੁੰਦੀ ਹੈ ਸਭ ਤੋਂ ਪਹਿਲਾਂ ਹਲ ਦੀ ਮਦਦ ਨਾਲ ਜ਼ਮੀਨ ਨੂੰ ਟੁਕੜਿਆਂ ਵਿਚ ਕੱਟਿਆ ਜਾਂਦਾ ਹੈ। ਪੰਜਾਬ ਦੇ ਹਰ ਤੀਜੇ ਪਿੰਡ ਵਿਚ ਅਸਾਨ ਨਾਲ ਇਸ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਜ਼ਮੀਨ ਨਰਮ ਅਤੇ ਹੋਰ ਵੀ ਜ਼ਿਆਦਾ ਉਪਜਾਊ ਬਣੇਗੀ। ਅਜਿਹੀ ਜ਼ਮੀਨ ਵਿਚ ਕਣਕ ਝੋਨੇ ਤੋਂ ਲੈ ਕੇ ਕਿਸੇ ਵੀ ਫ਼ਸਲ ਅਤੇ ਫ਼ਲ ਦੀ ਖੇਤੀ ਅਰਾਮ ਨਾਲ ਕੀਤੀ ਜਾ ਸਕਦੀ ਹੈ। 1 ਲੱਖ ਤੋਂ ਜ਼ਿਆਦਾ ਕਿਸਾਨ ਅਜਿਹੇ ਹਨ ਜੋ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਇਸ ਤਕਨੀਕ ਦੀ ਵਰਤੋਂ ਕਰ ਰਹੇ ਹਨ। ਜਿਸ ਲਈ ਮਸ਼ੀਨਾ ਵੀ ਉਪਲਬਧ ਹਨ ਅਤੇ ਕਿਰਾਏ 'ਤੇ ਵੀ ਲਈਆਂ ਜਾ ਸਕਦੀਆਂ ਹਨ।