ਦਿਮਾਗ ਦਾ ਕੀੜਾ ਹੋ ਸਕਦਾ ਹੈ ਖ਼ਤਰਨਾਕ ਚੰਡੀਗੜ੍ਹ:ਮਨੁੱਖੀ ਦਿਮਾਗ ਸਰੀਰ ਸਾਰੇ ਅੰਗਾਂ ਵਿਚੋਂ ਸਭ ਤੋਂ ਅਹਿਮ ਹੈ, ਜਿਸਦਾ ਸਬੰਧ ਸਰੀਰ ਦੇ ਕਈ ਅੰਗਾਂ ਅਤੇ ਨਾੜੀਆਂ ਨਾਲ ਜੁੜਿਆ ਹੈ। ਦਿਮਾਗ ਦੀਆਂ ਕਈ ਅਜਿਹੀਆਂ ਬਿਮਾਰੀਆਂ ਨੇ ਜੋ ਸਰੀਰ ਦੇ ਵੱਖ- ਵੱਖ ਅੰਗਾਂ 'ਤੇ ਆਪਣਾ ਅਸਰ ਵਿਖਾਉਂਦੀਆਂ ਹਨ। ਅਜਿਹੀ ਇਕ ਬਿਮਾਰੀ ਹੈ, ਜਿਸ ਦੇ ਹੋਣ ਨਾਲ ਦਿਮਾਗ ਅਤੇ ਪੂਰਾ ਸਰੀਰ ਕੰਬਣ ਵੱਗ ਜਾਂਦਾ ਹੈ। ਸਰੀਰ ਨੂੰ ਦੌਰੇ ਪੈਂਦੇ ਹਨ ਅਤੇ ਜੇ ਬਿਮਾਰੀ ਵੱਧਦੀ ਜਾਵੇ ਤਾਂ ਮੌਤ ਵੀ ਹੋ ਜਾਂਦੀ ਹੈ। ਉਸ ਬਿਮਾਰੀ ਦਾ ਨਾਂ ਹੈ ਨਿਊਰੋਸਿਸਟਿਸਰਕੋਸਿਸ ਜਿਸਨੂੰ ਦਿਮਾਗ ਦਾ ਕੀੜਾ ਵੀ ਕਹਿੰਦੇ ਹਨ। ਇਹ ਕੀੜਾ ਦਿਮਾਗ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਕਿ ਪੂਰੇ ਸਰੀਰ ਵਿਚ ਹਲਚਲ ਮੱਚ ਜਾਂਦੀ ਹੈ ਅਤੇ ਦੌਰੇ ਪੈਣ ਲੱਗ ਜਾਂਦੇ ਹਨ। ਇਸ ਬਿਮਾਰੀ ਤੋਂ ਪੀੜਤ ਮਰੀਜ਼ ਕਈ ਕਈ ਘੰਟੇ ਦੌਰੇ ਦੀ ਅਵਸਥਾ ਵਿਚ ਰਹਿੰਦਾ ਹੈ ਅਤੇ ਉਸਨੂੰ ਠੀਕ ਕਰਨ ਲਈ ਕਈ-ਕਈ ਦਿਨ ਹਸਪਤਾਲ ਦਾਖ਼ਲ ਕਰਵਾਉਣਾ ਪੈਂਦਾ ਹੈ। ਅੰਤਰਰਾਸ਼ਟਰੀ ਬ੍ਰੇਨ ਡੇਅ ਮੌਕੇ ਇਸ ਬਿਮਾਰੀ ਬਾਰੇ ਗੱਲ ਕਰਾਂਗੇ ਕਿਉਂਕਿ ਇਸ ਬਾਰੇ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ।
ਨਿਊਰੋਸਿਸਟਿਸਰਕੋਸਿਸ ਦੁਨੀਆ ਦੇ ਬਹੁਤ ਸਾਰੇ ਦੱਖਣੀ ਅਤੇ ਮੱਧ ਅਮਰੀਕਾ, ਭਾਰਤ, ਦੱਖਣ-ਪੂਰਬੀ ਏਸ਼ੀਆ, ਚੀਨ ਅਤੇ ਅਫਰੀਕਾ ਸਮੇਤ ਹੋਰ ਕਈ ਦੇਸ਼ਾਂ ਵਿਚ ਆਮ ਬਿਮਾਰੀ ਹੈ। ਨਿਊਯਾਰਕ, ਕੈਲੀਫੋਰਨੀਆ, ਟੈਕਸਾਸ, ਓਰੇਗਨ, ਅਤੇ ਇਲੀਨੋਇਸ ਵਿੱਚ ਮਾਮਲੇ ਅਕਸਰ ਜ਼ਿਆਦਾ ਰਿਪੋਰਟ ਕੀਤੇ ਜਾਂਦੇ ਹਨ। ਉੱਤਰੀ ਭਾਰਤ ਵਿੱਚ ਖਾਸ ਕਰਕੇ ਬਿਹਾਰ, ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਸਿਸਟਿਕਰੋਸਿਸ ਦੇ ਕੇਸ ਜ਼ਿਆਦਾ ਵੇਖਣ ਨੂੰ ਮਿਲਦੇ ਹਨ। ਮੁਹਾਲੀ ਏਮਜ਼ ਦੀ ਗੱਲ ਕਰੀਏ ਤਾਂ ਉਥੇ ਮਹੀਨੇ ਵਿਚ 2 ਜਾਂ 3 ਮਰੀਜ਼ ਇਸ ਬਿਮਾਰੀ ਤੋਂ ਪੀੜਤ ਆਉਂਦੇ ਹਨ।
ਜਾਨਲੇਵਾ ਸਾਬਤ ਹੋ ਸਕਦੈ "ਦਿਮਾਗ ਦਾ ਕੀੜਾ" ! ਸਰੀਰ ਨੂੰ ਕਰ ਦਿੰਦਾ ਹੈ ਖੋਖਲਾ
ਕੀ ਹੈ ਨਿਊਰੋਸਿਸਟਿਸਰਕੋਸਿਸ ਜਾਂ ਦਿਮਾਗ ਦਾ ਕੀੜਾ ? :ਨਿਊਰੋਸਿਸਟਿਸਰਕੋਸਿਸ ਇਕ ਟੀਨੀਆ ਨਾਂ ਦਾ ਇਨਫੈਕਸ਼ਨ ਹੁੰਦਾ ਹੈ ਜਿਸ ਵਿਚ ਅਸਾਨ ਸ਼ਬਦਾਂ ਰਾਹੀਂ ਮਰੀਜ਼ਾਂ ਨੂੰ ਸਮਝਾਉਣ ਲਈ ਦਿਮਾਗੀ ਕੀੜੇ ਦਾ ਨਾਂ ਵਰਤਿਆ ਜਾਂਦਾ ਹੈ। ਮੈਡੀਕਲ ਮਾਹਿਰਾਂ ਅਨੁਸਾਰ ਦਿਮਾਗ ਵਿਚ ਇਕ ਛੋਟੀ ਜਹੀ ਰਸੌਲੀ ਬਣ ਜਾਂਦੀ ਹੈ ਜਿਸ ਦੇ ਆਲੇ ਦੁਆਲੇ ਸੋਜ ਹੋ ਜਾਂਦੀ ਹੈ। ਜੇਕਰ ਇਸਦਾ ਇਲਾਜ ਸਮੇਂ ਸਿਰ ਨਾ ਹੋਵੇ ਤਾਂ ਇਸਦੀਆਂ ਜੜ੍ਹਾਂ ਦਿਮਾਗ ਵਿਚ ਲਗਾਤਾਰ ਫੈਲਦੀਆਂ ਜਾਂਦੀਆਂ ਹਨ। ਇਸ ਤੋਂ ਪੀੜਤ ਮਰੀਜ਼ ਨੂੰ ਵਾਰ-ਵਾਰ ਦੌਰੇ ਪੈਂਦੇ ਹਨ, ਬੇਹੋਸ਼ ਹੋ ਜਾਂਦਾ ਹੈ ਇਥੋਂ ਤੱਕ ਕਿ ਕੌਮਾ ਵਿਚ ਵੀ ਜਾ ਸਕਦਾ ਹੈ। ਸੀਟੀ ਸਕੈਨ ਜਾਂ ਐਮਆਰਆਈ ਰਾਹੀਂ ਇਸ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਇਲਾਜ ਕਰਵਾਇਆ ਜਾ ਸਕਦਾ ਹੈ। ਇਲਾਜ ਲਈ ਮਰੀਜ਼ ਨੂੰ ਹਸਪਤਾਲ ਭਰਤੀ ਕੀਤਾ ਜਾਂਦਾ ਹੈ ਦਿਮਾਗੀ ਸੋਜ ਘੱਟ ਕਰਨ ਲਈ ਟੀਕੇ ਲਗਾਏ ਜਾਂਦੇ ਹਨ ਅਤੇ ਫਿਰ ਦਵਾਈਆਂ ਰਾਹੀਂ ਇਸਦਾ ਇਲਾਜ ਕੀਤਾ ਜਾਂਦਾ। ਨਿਊਰੋਸਿਸਟਿਸਰਕੋਸਿਸ ਦਾ ਇਲਾਜ 21 ਤੋਂ ਲੈ ਕੇ ਕੁਝ ਮਹੀਨਿਆਂ ਤੱਕ ਵੀ ਜਾਰੀ ਰਹਿੰਦਾ ਹੈ। ਕਈ ਕੇਸਾਂ ਵਿਚ ਇਸਦਾ ਇਲਾਜ ਸਾਲਾਂ ਤੱਕ ਚੱਲਦਾ ਹੈ।
ਨਿਊਰੋਸਿਸਟਿਸਰਕੋਸਿਸ ਦੇ ਲੱਛਣ :ਇਸ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਆਮ ਤੌਰ ਤੇ ਸ਼ੁਰੂਆਤੀ ਦੌਰ ਵਿਚ ਚੱਕਰ ਆਉਣਾ, ਸਿਰ ਦਰਦ ਰਹਿਣਾ ਹੁੰਦੇ ਹਨ। ਨਿਊਰੋਸਿਸਟਿਸੇਰੋਸਿਸ ਦੇ ਲੱਛਣ ਇਸ ਗੱਲ 'ਤੇ ਵੀ ਨਿਰਭਰ ਕਰਦੇ ਹਨ ਕਿ ਦਿਮਾਗ ਵਿੱਚ ਕਿੱਥੇ ਅਤੇ ਕਿੰਨੇ ਸਿਸਟ ਪਾਏ ਜਾਂਦੇ ਹਨ। ਦੌਰੇ ਅਤੇ ਸਿਰ ਦਰਦ ਸਭ ਤੋਂ ਆਮ ਲੱਛਣ ਹਨ। ਹਾਲਾਂਕਿ, ਉਲਝਣ, ਲੋਕਾਂ ਅਤੇ ਆਲੇ ਦੁਆਲੇ ਵੱਲ ਧਿਆਨ ਦੀ ਘਾਟ, ਸੰਤੁਲਨ ਵਿੱਚ ਮੁਸ਼ਕਲ, ਦਿਮਾਗ ਦੇ ਆਲੇ ਦੁਆਲੇ ਵਾਧੂ ਤਰਲ, ਦੌਰੇ ਪੈਣਾ ਅਤੇ ਕਈ ਕਈ ਘੰਟੇ ਬੇਹੋਸ਼ ਰਹਿਣਾ ਹੁੰਦੇ ਹਨ।
ਜਾਨਲੇਵਾ ਸਾਬਤ ਹੋ ਸਕਦੈ "ਦਿਮਾਗ ਦਾ ਕੀੜਾ" ! ਪੱਤਾ ਗੋਭੀ ਖਾਣ ਕਾਰਨ ਪੈਦਾ ਹੁੰਦਾ ਹੈ ਦਿਮਾਗ ਵਿਚ ਕੀੜਾ ! : ਮੁਹਾਲੀ ਏਮਜ਼ ਵਿਚ ਜਨਰਲ ਮੈਡੀਸਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਕਹਿੰਦੇ ਹਨ ਕਿ ਇਸ ਬਿਮਾਰੀ ਨੂੰ ਲੈ ਕੇ ਇਕ ਧਾਰਨਾ ਆਮ ਤੌਰ 'ਤੇ ਪ੍ਰਚੱਲਿਤ ਹੈ ਕਿ ਦਿਮਾਗ ਵਿਚ ਕੀੜਾ ਪੱਤਾ ਗੋਭੀ ਖਾਣ ਨਾਲ ਹੁੰਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਪੱਤਾ ਗੋਭੀ ਖਾਣ ਨਾਲ ਹੀ ਇਹ ਬਿਮਾਰੀ ਹੋਵੇ। ਇਸ ਕਾਰਨ ਕੱਚਾ ਖਾਣਾ, ਕੱਚੀਆਂ ਸਬਜ਼ੀਆਂ, ਬਿਨ੍ਹਾਂ ਧੋਤੇ ਹੋਏ ਜਾਂ ਫਿਰ ਚੰਗੀ ਤਰ੍ਹਾਂ ਨਾ ਸਾਫ ਕੀਤੀਆਂ ਹੋਈਆਂ ਸਬਜ਼ੀਆਂ ਖਾਣ ਵੀ ਹੁੰਦਾ ਹੈ। ਚੰਗੀ ਤਰ੍ਹਾਂ ਨਾ ਪੱਕਿਆ ਹੋਇਆ ਮਾਸ ਖਾਣ ਨਾਲ ਵੀ ਇਹ ਬਿਮਾਰੀ ਹੋ ਸਕਦੀ ਹੈ। ਇਹ ਇਕ ਤਰ੍ਹਾਂ ਦਾ ਕੀੜਾ ਹੁੰਦਾ ਹੈ ਜਦੋਂ ਸਹੀ ਤਾਪਮਾਨ ਦੇ ਭੋਜਨ ਨਾ ਪਕਾਇਆ ਜਾਵੇ ਤਾਂ ਇਹ ਸਮੱਸਿਆ ਹੋ ਸਕਦੀ ਹੈ। ਜੋ ਇਨਫੈਕਸ਼ਨ ਦਾ ਰੂਪ ਧਾਰਨ ਕਰਕੇ ਦਿਮਾਗ 'ਤੇ ਅਸਰ ਕਰਦਾ ਹੈ। ਇਹ ਇਨਫੈਕਸ਼ਨ ਰੂਪੀ ਕੀੜਾ ਪੇਟ, ਮਾਸਪੇਸ਼ੀਆਂ ਅਤੇ ਸਿਰ ਕਿਤੇ ਵੀ ਜਾ ਸਕਦਾ ਹੈ। ਇਸ ਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੁਝ ਸਮੇਂ ਬਾਅਦ ਦਿਮਾਗ ਵਿਚ ਮੁੜ ਤੋਂ ਇਹੀ ਸਮੱਸਿਆ ਹੋਣ ਦਾ ਡਰ ਵੀ ਬਣਿਆ ਰਹਿੰਦਾ।
ਪੰਜਾਬ 'ਚ ਨਿਊਰੋਸਿਸਟਿਸਰਕੋਸਿਸ ਦਾ ਇਲਾਜ :ਪੰਜਾਬ ਸਿਹਤ ਵਿਭਾਗ ਦੇ ਮੁਤਾਬਿਕ ਇਸ ਬਿਮਾਰੀ ਸਬੰਧੀ ਜਾਗਰੂਕਤਾ ਲਈ ਕੋਈ ਵੀ ਮੁਹਿੰਮ ਅਜੇ ਨਹੀਂ ਚਲਾਈ ਜਾ ਰਹੀ, ਪਰ ਪੰਜਾਬ ਦੇ ਸਿਹਤ ਖੇਤਰ ਵਿਚ ਇਸਦਾ ਇਲਾਜ ਸੰਭਵ ਹੈ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਸਬੰਧਿਤ ਡਾਕਟਰ ਨਾਲ ਮਿਲਕੇ ਇਸਦਾ ਇਲਾਜ ਕਰਵਾਇਆ ਜਾ ਸਕਦਾ ਹੈ।