ਚੰਡੀਗੜ੍ਹ: ਇੰਡੋ-ਤਿਬਤੀਅਨ ਬਾਰਡਰ ਪੁਲਿਸ ਫੋਰਸ ਵਿੱਚ ਡਿਪਟੀ ਕਮਾਂਡੈਂਟ- ਡਿਪਟੀ ਜੱਜ ਅਟਾਰਨੀ ਜਨਰਲ ਦੇ ਅਹੁਦੇ ਤੋਂ ਕਰੁਨਾਜੀਤ ਕੌਰ ਨੇ ਅਸਤੀਫ਼ਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਰੁਨਾਜੀਤ ਨੇ ਫੋਰਸ 'ਤੇ ਗੰਭੀਰ ਇਲਜ਼ਾਮ ਲਗਾਏ ਹਨ।
ਕਰੁਨਾਜੀਤ ਕੌਰ ਜੋ ਕਿ ਦੂਰਦਰਸ਼ਨ ਜਲੰਧਰ ਦੇ ਸਾਬਕਾ ਸੀਨੀਅਰ ਡਾਇਰੈਕਟਰ ਡਾ. ਦਲਜੀਤ ਸਿੰਘ ਦੀ ਬੇਟੀ ਹੈ। ਕਰੁਨਾਜੀਤ ਦਾ ਕਹਿਣਾ ਹੈ ਕਿ ਉਸ ਨੇ ਪੰਜ ਸਾਲ ਪਹਿਲਾਂ ਫੋਰਸ ਜੁਆਇਨ ਕੀਤੀ ਸੀ ਅਤੇ ਅਸਤੀਫ਼ਾ ਦੇਣ ਤੋਂ ਬਾਅਦ 17 ਅਕਤੂਬਰ ਨੂੰ ਉਹ ਰਿਲੀਵ ਹੋਈ ਹੈ। ਉਹ ਆਈਟੀਬੀਪੀ ਨਾਰਥ-ਵੈਸਟ ਫਰੰਟੀਅਰ ਚੰਡੀਗੜ੍ਹ ਵਿੱਚ ਪੋਸਟਡ ਸੀ। ਕਰੁਨਾਜੀਤ ਨੇ ਕਿਹਾ ਕਿ ਉਸ ਨੂੰ ਇੱਕ ਮਹੀਨੇ ਦੀ ਅਟੈਚਮੈਂਟ 'ਤੇ ਮਈ-ਜੂਨ ਵਿੱਚ ਉਤਰਾਖੰਡ ਦੇ ਗੌਚਰ ਵਿੱਚ 8 ਬਟਾਲੀਅਨ ਭੇਜਿਆ ਗਿਆ ਸੀ। ਕਰੁਨਾਜੀਤ ਕੌਰ ਨੇ ਕਿਹਾ, ਇੱਥੋਂ ਮੈਨੂੰ 8 ਬਟਾਲੀਅਨ ਦੀਆਂ ਫਾਰਵਰਡ ਪੋਸਟਾਂ 'ਤੇ ਵੀ ਭੇਜਿਆ ਜਾਂਦਾ ਸੀ। ਇਨ੍ਹਾਂ ਵਿੱਚ ਹੀ ਇੱਕ ਮਲਾਰੀ ਪੋਸਟ ਸੀ, ਜਿੱਥੇ 9-10 ਜੂਨ ਦੀ ਰਾਤ ਨੂੰ ਬਟਾਲੀਅਨ ਦੇ ਇੱਕ ਕਾਂਸਟੇਬਲ ਦੀਪਕ ਨੇ ਮੈਨੂੰ ਰਹਿਣ ਲਈ ਦਿੱਤੀ ਹੱਟ ਵਿੱਚ ਰੇਪ ਦੇ ਇਰਾਦੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਕਰੁਨਾਜੀਤ ਨੇ ਦੱਸਿਆ ਕਿ ਬਾਹਰੀ ਦਰਵਾਜੇ ਵਿੱਚ ਕੁੰਡੀ ਨਾ ਹੋਣ ਕਾਰਨ ਉਹ ਅੰਦਰ ਆਇਆ ਅਤੇ ਦੂਜੇ ਦਰਵਾਜੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਾ। ਉਹ ਕਹਿ ਰਿਹਾ ਸੀ ਕਿ ਦੋ ਸਾਲਾਂ ਤੋਂ ਉਸ ਨੇ ਕਿਸੇ ਔਰਤ ਨੂੰ ਨਹੀਂ ਛੂਹਿਆ, ਉਸ ਨੂੰ ਔਰਤ ਚਾਹੀਦੀ ਹੈ।