ਚੰਡੀਗੜ੍ਹ: ਦਹਿਸ਼ਤਗਰਦੀ ਤੇ ਅੰਦਰੂਨੀ ਸੁਰੱਖਿਆ ਨਾਲ ਸਬੰਧਤ ਉੱਘੇ ਮਾਹਿਰ ਡਾ. ਪੀਟਰ ਚਾਕ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਹਾਲਤ ’ਚ ਭਾਰਤੀ ਅਰਥ–ਵਿਵਸਥਾ ’ਤੇ ਹਮਲਾ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰੇ। ਡਾ. ਚਾਕ ਨੇ ਕਿਹਾ ਕਿ ਇਸਲਾਮਾਬਾਦ ਇਸ ਵੇਲੇ ਦੋਹਰੀਆਂ ਚਾਲਾਂ ਚੱਲ ਰਿਹਾ ਹੈ। ਅਮਰੀਕੀ ਮਾਹਿਰ ਨੇ ਇਹ ਪ੍ਰਗਟਾਵਾ ਦੂਜੇ ਕੇਪੀਐੱਸ ਗਿੱਲ ਯਾਦਗਾਰੀ ਭਾਸ਼ਣ ਦੌਰਾਨ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਵੱਲੋਂ ਕਸ਼ਮੀਰ ’ਚ ਆਈਐੱਸਆਈ ਰਾਹੀਂ ਦਹਿਸ਼ਤਗਰਦਾਂ ਦੀ ਆਨਲਾਈਨ ਭਰਤੀ ਵੀ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਰਅਸਲ ਹੁਣ ‘ਰਾਇਸ਼ੁਮਾਰੀ 2020’ ਰਾਹੀਂ ਕਸ਼ਮੀਰ ਮਸਲੇ ਨੂੰ ਪੰਜਾਬ ਨਾਲ ਜੋੜਨਾ ਚਾਹੁੰਦੀ ਹੈ।
ਇਸ ਯਾਦਗਾਰੀ ਭਾਸ਼ਣ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਇਸ ਮੌਕੇ ਕਿਹਾ ਕਿ ਪੰਜਾਬ ਵਿੱਚ ਦਹਿਸ਼ਤਗਰਦੀ ਨੂੰ ਕਿਸੇ ਵੀ ਹਾਲਤ ’ਚ ਕਦੇ ਵੀ ਮੁੜ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੇਪੀਐੱਸ ਗਿੱਲ ਦੀ ਲੀਡਰਸ਼ਿਪ ਤੋਂ ਪ੍ਰੇਰਨਾ ਲੈਣ।