ਚੰਡੀਗੜ੍ਹ: ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਭਗਵੰਤ ਮਾਨ ਮੁਤਾਬਕ 2022 ਵਿੱਚ ਉਹ ਸਦਨ ਵਿੱਚ ਬੋਲਦੇ ਹੋਏ ਦਿਖਾਈ ਦੇਣਗੇ। ਭਗਵੰਤ ਮਾਨ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਮੁੜ ਸੱਤਾ 'ਤੇ ਕਾਬਜ਼ ਹੋ ਗਈ ਹੈ।
VIDEO: ਕੀ 2022 ਵਿੱਚ ਭਗਵੰਤ ਮਾਨ ਹੋਣਗੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ? ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਵੀ ਨਵਾਂ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ, ਕੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਹੋਣਗੇ?
ਦਿੱਲੀ ਤੇ ਪੰਜਾਬ ਦੀ ਸਿਆਸਤ ਵੱਖਰੀ-ਵੱਖਰੀ ਹੈ: ਲੋਧੀ ਨੰਗਲ
ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਹਨ, ਪਰ ਇਹ ਸੁਪਨਾ ਸੱਚ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਤੇ ਪੰਜਾਬ ਦੀ ਸਿਆਸਤ ਵੱਖਰੀ ਵੱਖਰੀ ਹੈ।
ਪਹਿਲਾਂ ਭਗਵੰਤ ਮਾਨ ਆਪਣਾ ਪੰਜਾਬ ਵਿੱਚ ਖਿੱਲਰਿਆ ਹੋਇਆ ਝਾੜੂ ਤਾਂ ਇਕੱਠਾ ਕਰ ਲੈਣ: ਰਾਜ ਕੁਮਾਰ ਵੇਰਕਾ
ਇੰਨਾਂ ਹੀ ਨਹੀਂ ਆਪ ਦੀ ਪੰਜਾਬ ਵਿੱਚ ਖੇਰੂ-ਖੇਰੂ ਹੋਏ ਨੇਤਾਵਾਂ ਬਾਰੇ ਰਾਜ ਕੁਮਾਰ ਵੇਰਕਾ ਬੋਲੇ ਕਿ ਪਹਿਲਾਂ ਭਗਵੰਤ ਮਾਨ ਆਪਣਾ ਪੰਜਾਬ ਦੇ ਵਿੱਚ ਖਿੱਲਰਿਆ ਹੋਇਆ ਝਾੜੂ ਤਾਂ ਇਕੱਠਾ ਕਰ ਲੈਣ ਬਾਕੀ ਵਿਧਾਨ ਸਭਾ ਚੋਣਾਂ ਲੜਨਾ ਤਾਂ ਦੂਰ ਦੀ ਗੱਲ ਹੈ। ਭਗਵੰਤ ਮਾਨ ਦੇ ਬਿਆਨ ਤੋਂ ਸਿਆਸਤ ਮੁੜ ਤੋਂ ਭਖਦੀ ਨਜ਼ਰ ਆ ਰਹੀ ਹੈ। 2022 ਦੀ ਵਿਧਾਨ ਚੋਣਾਂ ਵਿੱਚ ਸਤਾ ਵਿੱਚ ਚੌਣ ਕਾਬਜ਼ ਰਹਿੰਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।