ਚੰਡੀਗੜ੍ਹ ਡੈਸਕ :ਸੜਕ ਨਿਯਮਾਂ ਨੂੰ ਸਖ਼ਤ ਕਰਦਿਆਂ ਸਰਕਾਰ ਵੱਲੋਂ ਪੰਜਾਬ ਵਿੱਚ ਹਾਈ ਸਿਕਿਉਰਿਟੀ ਨੰਬਰ ਪਲੇਟ ਲਗਵਾਉਣੀ ਜ਼ਰੂਰੀ ਕਰ ਦਿੱਤੀ ਗਈ ਹੈ। ਇਹ ਲਗਵਾਉਣ ਦੀ ਆਖਰੀ ਤਰੀਕ 30 ਜੂਨ ਸੀ ਅਤੇ ਹੁਣ ਕੱਲ੍ਹ ਯਾਨੀ ਕਿ 1 ਜੁਲਾਈ ਤੋਂ ਵੱਡੇ ਚਾਲਾਨ ਹੋ ਸਕਦੇ ਹਨ। ਇਸਨੂੰ ਕਿਵੇਂ ਲਗਵਾਉਣਾ ਹੈ ਅਤੇ ਇਹ ਕਿਉਂ ਜ਼ਰੂਰੀ ਹੈ, ਬਹੁਤੇ ਲੋਕ ਇਸਦੀ ਪ੍ਰਕਿਰਿਆ ਬਾਰੇ ਨਹੀਂ ਜਾਣਦੇ ਹਨ। ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਨੰਬਰ ਪਲੇਟ ਲਗਵਾਉਣੀ ਕਿਉਂ ਲਾਜ਼ਿਮੀ ਹੈ। ਇਸ ਖ਼ਬਰ ਨਾਲ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਇਹ ਹੈ ਖ਼ਾਸ ਨੰਬਰ ਪਲੇਟ :ਦਰਅਸਲ, ਹਾਈ ਸਿਕਿਉਰਿਟੀ ਨੰਬਰ ਪਲੇਟ ਇੱਕ ਤਰ੍ਹਾਂ ਦਾ ਕਯੂਮੀ ਕੋਡ ਹੈ ਜੋ ਗੱਡੀਆਂ ਦੇ ਅੱਗੇ ਅਤੇ ਪਿੱਛੇ ਪਲੇਟ ਲਈ ਨਿਰਧਾਰਿਤ ਥਾਂ ਉੱਤੇ ਲਗਵਾਇਆ ਜਾਂਦਾ ਹੈ। ਇਸ ਵੱਖਰੀ ਤਰ੍ਹਾਂ ਦੀ ਨੰਬਰ ਪਲੇਟ ਉੱਤੇ ਇਕ ਪਾਸੇ ਕੋਨੇ ਉੱਤੇ ਇੱਕ ਨੀਲੇ ਰੰਗ ਦਾ ਕ੍ਰੋਮੀਅਮ-ਆਧਾਰਿਤ ਅਸ਼ੋਕ ਚੱਕਰ ਦਾ ਹੋਲੋਗ੍ਰਾਮ ਲਗਾਇਆ ਗਿਆ ਹੁੰਦਾ ਹੈ। ਇਸ ਤੋਂ ਇਲਾਵਾ ਇਸਦੇ ਰਜਿਸਟਰੇਸ਼ਨ ਦੀ ਗਿਣਤੀ ਅਤੇ ਅੱਖਰਾਂ 'ਤੇ ਇਕ ਖ਼ਾਸ ਤਰ੍ਹਾਂ ਦੀ ਫਿਲਮ ਵੀ ਲਗਾਈ ਜਾਂਦੀ ਹੈ। ਇਕ ਪਾਸੇ ਨੀਲੇ ਅੱਖਰਾਂ ਵਿੱਚ 'IND' ਵੀ ਲਿਖਿਆ ਗਿਆ ਹੁੰਦਾ ਹੈ। ਇਸਦੀ ਵਰਤੋਂ ਕੋਈ ਵੀ ਨਹੀਂ ਕਰ ਸਕਦਾ ਸਗੋਂ ਵਿਭਾਗ ਵੱਲੋਂ ਹੀ ਇਹ ਪਲੇਟ ਜਾਰੀ ਹੁੰਦੀ ਹੈ ਤਾਂ ਜੋ ਵਾਹਨ ਚੋਰੀ ਨਾ ਹੋ ਸਕਣ।