ਚੰਡੀਗੜ੍ਹ ਡੈਸਕ :ਪੰਜਾਬੀ ਗਾਇਕ ਸ਼ੁਭਨੀਤ ਸਿੰਘ ਦੀ ਇਕ ਇੰਸਟਾਗ੍ਰਾਮ ਪੋਸਟ ਤੋਂ ਬਾਅਦ ਪੈਦਾ ਹੋਇਆ ਵਿਵਾਦ ਇੰਨਾਂ ਵਧ ਗਿਆ ਹੈ ਕਿ ਉਸਨੂੰ ਕਈ ਪਾਸਿਓਂ ਨਾਰਾਜ਼ਗੀਆਂ ਝੱਲਣੀਆਂ ਪੈ ਰਹੀਆਂ ਹਨ। ਸ਼ੁਭ ਉੱਤੇ ਇਲਜ਼ਾਮ ਲੱਗ ਰਹੇ ਹਨ ਕਿ ਉਹ ਖਾਲਿਸਤਾਨ ਦਾ ਸਮਰਥਨ ਕਰ ਰਿਹਾ ਹੈ। ਇਸ ਵਿਚਾਲੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਵੀ ਉਸਨੂੰ ਅਨਫਾਲੋ ਕਰ ਦਿੱਤਾ ਹੈ। ਦੂਜੇ ਪਾਸੇ ਖਬਰਾਂ ਇਹ ਵੀ ਹਨ ਕਿ ਉਸਦੇ ਕਈ ਸ਼ੋਅ ਕੈਂਸਲ ਕਰ ਦਿੱਤੇ ਗਏ ਹਨ।
ਹਟਾਏ ਗਏ ਸ਼ੋਅ ਦੇ ਪੋਸਟਰ :ਸ਼ੁਭ ਵਲੋਂ ਪਾਈ ਗਈ ਪੋਸਟ ਤੋਂ ਬਾਅਦ ਉਸਦੇ ਕਈ ਸ਼ੋਆਂ ਦੇ ਪੋਸਟਰ ਵੀ ਹਟਾਏ ਗਏ ਹਨ। ਸ਼ੁਭ ਨੇ ਦੇਸ਼ ਦੇ 10 ਵੱਡੇ ਸ਼ਹਿਰਾਂ 'ਚ ਆਪਣੇ ਸ਼ੋਆਂ ਨੂੰ ਲੈ ਕੇ ਐਲਾਨ ਕੀਤਾ ਸੀ। 23 ਸਤੰਬਰ ਤੋਂ 5 ਨਵੰਬਰ ਤੱਕ ਸ਼ੁਭ ਦੇ ਮੁੰਬਈ, ਗੁੜਗਾਓਂ, ਹੈਦਰਾਬਾਦ, ਅਹਿਮਦਾਬਾਦ, ਕੋਲਕਾਤਾ 'ਚ ਸ਼ੋਅ ਸਨ ਪਰ ਪੋਸਟ ਤੋਂ ਬਾਅਦ ਬਣੀ ਸਥਿਤੀ ਨੂੰ ਦੇਖਦਿਆਂ ਸ਼ੁਭਨੀਤ ਦੇ ਮੁੰਬਈ ਵਿੱਚ ਲੱਗਣ ਵਾਲੇ ਸ਼ੋਅ ਰੋਕ ਦਿੱਤੇ ਗਏ ਹਨ। ਇਹੀ ਨਹੀਂ ਹੈ ਸ਼ੁਭ ਦੇ ਸ਼ੋਆਂ ਦੀ ਜਾਣਕਾਰੀ ਵਾਲੇ ਪੋਸਟਰ ਵੀ ਹਟਾ ਦਿੱਤੇ ਗਏ ਹਨ।
ਇਹ ਹੈ ਵਿਵਾਦ :ਮੀਡੀਆ ਰਿਪੋਰਟਾਂ ਮੁਤਾਬਿਕ ਸ਼ੁਭਨੀਤ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਭਾਰਤ ਦੇ ਨਕਸ਼ੇ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ। ਇਸ ਨਕਸ਼ੇ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ, ਪੰਜਾਬ ਅਤੇ ਉੱਤਰ ਪੂਰਬੀ ਰਾਜਾਂ ਨੂੰ ਨਹੀਂ ਦਿਖਾਇਆ ਸੀ। ਉਨ੍ਹਾਂ ਨੇ ਇਸ ਸਟੋਰੀ ਦੇ ਨਾਲ ਕੈਪਸ਼ਨ 'ਚ 'ਪੰਜਾਬ ਲਈ ਅਰਦਾਸ' (Pray For Punjab) ਲਿਖਿਆ ਸੀ। ਇਸ ਤੋਂ ਬਾਅਦ ਅਦਾਕਾਰਾ ਕੰਗਨਾ ਰਣੌਤ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਨਾਰਾਜਗੀ ਜਾਹਿਰ ਕੀਤੀ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਉਸ ਫੋਟੋ ਨੂੰ ਹਟਾ ਦਿੱਤਾ ਹੈ ਪਰ ਇਸ ਪੋਸਟ ਤੋਂ ਬਾਅਦ ਨਾਰਾਜ਼ ਹੋਏ ਵਿਰਾਟ ਕੋਹਲੀ ਸਮੇਤ ਸ਼ੁਭਨੀਤ ਨੂੰ ਕੇਐੱਲ ਰਾਹੁਲ ਅਤੇ ਹਾਰਦਿਕ ਪੰਡਯਾ ਨੇ ਵੀ ਅਨਫਾਲੋ ਕਰ ਦਿੱਤਾ ਹੈ।
ਕੌਣ ਹੈ ਸ਼ੁਭਨੀਤ ਸਿੰਘ :26 ਸਾਲਾ ਗਾਇਕ ਸ਼ੁਭ ਮੂਲ ਰੂਪ ਵਿੱਚ ਕੈਨੇਡਾ ਦਾ ਵਸਨੀਕ ਹੈ ਅਤੇ ਮਸ਼ਹੂਰ ਪੰਜਾਬੀ ਗਾਇਕ ਹੈ। ਸ਼ੁਭ ਦਾ ਪੂਰਾ ਨਾਂ ਸ਼ੁਭਨੀਤ ਸਿੰਘ ਹੈ ਅਤੇ ਉਸਦੇ ਗੀਤ ਭਾਰਤ ਸਣੇ ਵਿਦੇਸ਼ਾਂ ਵਿੱਚ ਵੀ ਕਾਫੀ ਮਸ਼ਹੂਰ ਹਨ। ਸ਼ੁਭ ਦਾ ਜਨਮ 10 ਅਗਸਤ 1997 ਨੂੰ ਪੰਜਾਬ ਵਿੱਚ ਹੋਇਆ ਸੀ ਅਤੇ ਹੁਣ ਉਹ ਬਰੈਂਪਟਨ ਰਹਿ ਰਿਹਾ ਹੈ। ਸ਼ੁਭ ਦੀ ਸੋਸ਼ਲ ਮੀਡੀਆ ਉੱਤੇ ਵੱਡੀ ਫੈਨ ਫਾਲਵਿੰਗ ਹੈ। ਕਈ ਹਸਤੀਆਂ ਨੇ ਉਸਨੂੰ ਫਾਲੋ ਕੀਤਾ ਹੋਇਆ ਹੈ। ਸ਼ੁਭ ਨੇ ਸਾਲ 2021 ਵਿੱਚ ਇਰਮਾਨ ਥਿਆਰਾ ਦੇ ਨਾਲ ਡੋਂਟ ਲੁੱਕ ਗੀਤ ਰਿਲੀਜ ਕੀਤਾ ਸੀ। ਇਸ ਤੋਂ ਬਾਅਦ ਉਸਨੇ 'ਵੀ ਰੋਲਿਨ' ਰਿਲੀਜ਼ ਕੀਤਾ ਅਤੇ ਸ਼ੁਭ ਦੇ ਐਲੀਵੇਟਿਡ ਅਤੇ ਆਫਸ਼ੋਰ ਗੀਤ ਵੀ ਹਿੱਟ ਰਹੇ ਹਨ। ਸ਼ੁਭਨੀਤ ਕੈਨੇਡਾ ਦੇ 100 ਹਿੱਟ ਗਾਇਕਾਂ 'ਚੋਂ 68ਵੇਂ ਨੰਬਰ 'ਤੇ ਹੈ।