ਚੰਡੀਗੜ੍ਹ ਡੈਸਕ:ਬਰਤਾਨੀਆਂ ਦੀ ਇੱਕ ਸਿੱਖ ਸੰਸਥਾ ‘ਦਿ ਸਿੱਖ ਗਰੁੱਪ’ ਵੱਲੋਂ ਦੁਨੀਆਂ ਦੇ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਹ ਸੂਚੀ ‘ਦਿ ਸਿੱਖਸ 100’ ਸਿਰਲੇਖ ਹੇਠ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਨਾਂਅ ਸ਼ਾਮਿਲ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਦਾ ਵੀ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ਨਾਂਅ ਸ਼ਾਮਿਲ ਕੀਤਾ ਗਿਆ ਹੈ।
ਸਿਖ਼ਰ ਉੱਤੇ ਧਾਰਮਿਕ ਸ਼ਖ਼ਸੀਅਤਾਂ ਦੇ ਨਾਮ:ਦੱਸ ਦਈਏ ਯੂਕੇ ਦੀ ਇਸ ਸਿੱਖ ਸੰਸਥਾ ਵੱਲੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਵਿੱਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਪਹਿਲੇ ਸਥਾਨ ਉੱਤੇ ਹਨ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ਉਤੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਦਰਜ ਹੈ। ਇਸ ਸੂਚੀ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਨਾਂ ਵੀ ਦਰਜ ਕੀਤਾ ਗਿਆ ਹੈ।
ਕੌਣ ਨੇ ਜਥੇਦਾਰ ਕੁਲਵੰਤ ਸਿੰਘ :ਗਿਆਨੀ ਕੁਲਵੰਤ ਸਿੰਘ ਦਾ ਜਨਮ 1 ਮਈ 1967 ਨੂੰ ਅਬਚਲਨਗਰ ਸਾਹਿਬ ਜੀ (ਨਾਂਦੇੜ ਸਾਹਿਬ) ਹੋਇਆ। ਇਨ੍ਹਾਂ ਦੇ ਮਾਤਾ ਪਿਤਾ ਦਾ ਨਾਂ ਬਲਵੰਤ ਸਿੰਘ ਅਤੇ ਮਾਤਾ ਸੰਤ ਕੌਰ ਸੀ। ਇਹ ਵੀ ਯਾਦ ਰਹੇ ਕਿ ਕੁਲਵੰਤ ਸਿੰਘ ਦੇ ਦਾਦਾ ਸੰਤ ਬਾਬਾ ਮੰਗਲ ਸਿੰਘ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਜੀ (ਨਾਂਦੇੜ) ਵਿਚ ਕੜਾਹ ਪ੍ਰਸ਼ਾਦ ਦੀ ਸੇਵਾ ਕਰਦੇ ਸੀ। ਉਹਨਾਂ ਦੇ ਪਿਤਾ ਬਲਵੰਤ ਸਿੰਘ ਅਤੇ ਭਰਾ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਜੀ (ਨਾਂਦੇੜ) 'ਚ ਕਿਰਤਨੀਏ ਵਜੋਂ ਸੇਵਾ ਕਰਦੇ ਸੀ।