ਚੰਡੀਗੜ੍ਹ:ਪੱਪਲਪ੍ਰੀਤ ਸਿੰਘ, ਇਹ ਉਹ ਨਾਂ ਹੈ, ਜਿਸਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਬਗਾਵਤੀ ਪੈਰ ਧਰੇ ਹਨ। ਅੰਮ੍ਰਿਤਪਾਲ ਦਾ ਸਾਥੀ ਪੱਪਲਪ੍ਰੀਤ ਸਿੰਘ ਉਸਦੇ ਬਾਕੀ ਸਾਥੀਆਂ ਨਾਲੋਂ ਖਾਸ ਕਿਹਾ ਜਾਂਦਾ ਰਿਹਾ ਹੈ। ਵਿਚਾਰਕ ਸਾਂਝ ਵੀ ਦੋਵਾਂ ਦੀ ਇੱਕੋ ਜਿਹੀ ਹੈ। ਹੁਣ ਵੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਦਾ ਇਹ ਖਾਸ ਸਾਥੀ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਪੁਲਿਸ ਦੀ ਗ੍ਰਿਫਤ ਵਿੱਚ ਹੈ। ਪਰ ਸਵਾਲ ਇਹ ਜਿਆਦਾ ਅਹਿਮ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਤੁਰਦਾ, ਥਾਂ-ਥਾਂ ਸੈਲਫੀਆਂ ਲੈਂਦਾ ਅਤੇ ਵਾਇਰਲ ਹੋਈਆਂ ਵੀਡੀਓਜ਼ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਦਿਸਣ ਵਾਲਾ ਇਹ ਸਖਸ਼ ਅਸਲ ਵਿੱਚ ਹੈ ਕੌਣ। ਸੋਸ਼ਲ ਮੀਡੀਆ ਅਤੇ ਮੀਡੀਆ ਪਲੇਟਫਾਰਮਾਂ ਉੱਤੇ ਪੱਪਲਪ੍ਰੀਤ ਸਿੰਘ ਬਾਰੇ ਵੱਖ ਵੱਖ ਜਾਣਕਾਰੀ ਹੋ ਸਕਦੀ ਹੈ। ਪਰ ਇਹ ਜਰੂਰ ਸਪਸ਼ਟ ਹੈ ਕਿ ਫਰਾਰ ਹੋਣ ਤੋਂ ਬਾਅਦ ਜਿਸ ਹਿਸਾਬ ਨਾਲ ਅੰਮ੍ਰਿਤਪਾਲ ਸਿੰਘ ਨਾਲ ਪੱਪਲਪ੍ਰੀਤ ਸਿੰਘ ਦੀਆਂ ਫੋਟੋਆਂ ਵਾਇਰਲ ਹੋਈਆਂ ਸਨ, ਉਸ ਤੋਂ ਜਰੂਰ ਇਹ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੱਪਲਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਦੇ ਸਭ ਤੋਂ ਨੇੜਲੇ ਰਾਜਦਾਰਾਂ ਵਿੱਚੋਂ ਇਕ ਹੈ।
ਜਿਸ ਦਿਨ ਤੋਂ ਅੰਮ੍ਰਿਤਪਾਲ ਸਿੰਘ ਸੋਸ਼ਲ ਮੀਡੀਆ ਰਾਹੀਂ ਵਾਇਆ ਦੁਬਈ ਤੋਂ ਪੰਜਾਬ ਪਰਤਿਆ ਹੈ, ਉਸੇ ਦਿਨ ਤੋਂ ਅੰਮ੍ਰਿਤਪਾਲ ਸਿੰਘ ਨਾਲ ਕਈ ਵਿਵਾਦ ਵੀ ਜੁੜੇ ਹਨ। ਅੰਮ੍ਰਿਤਪਾਲ ਸਿੰਘ ਦੀਆਂ ਵੱਖਵਾਦੀ ਤਕਰੀਰਾਂ ਦੇ ਵਿਰੋਧ ਹਮਾਇਤ ਵਿੱਚ ਵੀ ਪ੍ਰਤੀਕਰਮ ਆਉਂਦੇ ਰਹੇ ਹਨ। ਪਰ ਜਿਸ ਨਾਂ ਨੇ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਤੋਂ ਬਾਅਦ ਅਤੇ ਹੁਣ ਗ੍ਰਿਫਤਾਰੀ ਦੀਆਂ ਖਬਰਾਂ ਨਾਲ ਮੁੜ ਤੋਂ ਚਰਚਾ ਖੱਟਿਆ ਹੈ, ਉਸਦੀ ਆਪਣੀ ਇਕ ਵੱਖਰੀ ਪਛਾਣ ਹੈ।
ਕਿਸਾਨ ਪਰਿਵਾਰ ਨਾਲ ਸੰਬੰਧ: ਦਰਅਸਲ, 40 ਵਰ੍ਹਿਆਂ ਦਾ ਦੱਸਿਆ ਜਾ ਰਿਹਾ ਪੱਪਲਪ੍ਰੀਤ ਸਿੰਘ ਕਿਸਾਨ ਪਰਿਵਾਰ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਸਾਲ 2007 ਦੀਆਂ ਕੁੱਝ ਖਾਸ ਘਟਨਾਵਾਂ ਤੋਂ ਬਾਅਦ ਪੱਪਲਪ੍ਰੀਤ ਦੇ ਐਕਟੀਵਿਸਟ ਬਣਨ ਦੀ ਸ਼ੁਰੂਆਤ ਦੱਸੀ ਜਾ ਰਹੀ ਹੈ। ਇਹ ਉਹ ਸਾਲ ਹਨ ਜਦੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਮੌਤ ਦੀ ਸਜਾ ਸੁਣਾਈ ਗਈ ਸੀ। ਇਸੇ ਸਾਲ ਅਕਾਲ ਤਖਤ ਵਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇਕ ਬੇਅਦਬੀ ਦੇ ਮਾਮਲੇ ਵਿੱਚ ਮਾਫੀ ਵੀ ਦਿੱਤੀ ਗਈ ਸੀ।