ਚੰਡੀਗੜ੍ਹ:ਮੋਹਾਲੀ ਵਿੱਚ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਦਰਅਸਲ ਇਨਸਾਫ ਮੋਰਚੇ ਦੇ ਕੱਲ੍ਹ 31 ਮੈਂਬਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਇਨ੍ਹਾਂ ਵਲੋਂ ਸੀਐੱਮ ਭਗਵੰਤ ਮਾਨ ਦੀ ਚੰਡੀਗੜ੍ਹ ਵਿਖੇ ਰਿਹਾਇਸ਼ ਦਾ ਘੇਰਾਓ ਕੀਤਾ ਜਾਣਾ ਸੀ। ਇਸ ਦੌਰਾਨ ਪੁੁਲਿਸ ਅਤੇ ਮੋਰਚੇ ਵਿਚਕਾਰ ਤਣਾਅ ਵਾਲੀ ਸਥਿਤੀ ਵੀ ਰਹੀ। ਪੁਲਿਸ ਨੇ ਉਕਤ ਜਥੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਜਥੇ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਹਾਲਾਂਕਿ ਮੋਰਚੇ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰਦੀ, ਇਹ ਮੋਰਚਾ ਜਾਰੀ ਰਹੇਗਾ। ਦੂਜੇ ਪਾਸੇ ਮੋਰਚੇ ਦੇ ਸਾਥੀ ਵੀ ਉਸੇ ਥਾਂ ਬਹਿ ਗਏ ਹਨ, ਜਿਥੋਂ ਮੋਰਚੇ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਮੋਰਚੇ ਨੇ ਕੀਤਾ ਐਲਾਨ: ਇਹ ਵੀ ਜ਼ਿਕਰਯੋਗ ਹੈ ਕਿ ਮੋਹਾਲੀ-ਚੰਡੀਗੜ੍ਹ ਬਾਰਡਰ ਉਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ। ਮੋਰਚੇ ਵਿਚ ਸ਼ਾਮਲ ਸੰਗਤ ਨੇ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਕੋਈ ਫੈਸਲਾ ਨਹੀਂ ਕਰਦੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਦੀ ਇਹ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ। ਸੰਗਤ ਨੇ ਸਰਕਾਰ ਨੂੰ ਬਿਨ੍ਹਾਂ ਦੇਰੀ ਇਸ ਮਾਮਲੇ ਨੂੰ ਸੁਲਝਾਉਣ ਦੀ ਬੇਨਤੀ ਵੀ ਕੀਤੀ ਹੈ।