ਚੰਡੀਗੜ੍ਹ: ਪੰਜਾਬ ਵਿੱਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਅੱਜ ਬੁੱਧਵਾਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਰਵਾਨਾ ਹੋਈ। ਉੱਥੇ ਹੀ 'ਭਾਰਤ ਜੋੜੋ ਯਾਤਰਾ' ਦੀ ਪੰਜਾਬ ਫੇਰੀ ਦੌਰਾਨ ਪੰਜਾਬ ਕਾਂਗਰਸ ਦੀ ਸਾਰੀ ਲੀਡਰਸ਼ਿਪ ਵੀ ਪੱਬਾਂ ਭਾਰ ਹੈ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇਸ ਯਾਤਰਾ ਨੂੰ ਮਹਾਤਮਾ ਗਾਂਧੀ ਦੇ 'ਡਾਂਡੀ ਮਾਰਚ' ਨਾਲ ਜੋੜ ਕੇ ਵੱਡੇ ਦਾਅਵੇ ਵੀ ਠੋਕ ਦਿੱਤੇ ਹਨ।
ਹਾਲਾਂਕਿ ਇਹ ਯਾਤਰਾ ਦੂਜੀਆਂ ਸਿਆਸੀ ਧਿਰਾਂ ਲਈ ਵੀ ਚਰਚਾ ਦਾ ਵਿਸ਼ਾ ਹੈ। 'ਭਾਰਤ ਜੋੜੋ ਯਾਤਰਾ' ਨੂੰ ਲੈ ਕੇ ਸਭ ਦੀ ਸਭ ਦੀ ਵੱਖ-ਵੱਖ ਰਾਏ ਹੈ। ਵਿਰੋਧੀ ਧਿਰਾਂ ਜਿੱਥੇ 'ਭਾਰਤ ਜੋੜੋ ਯਾਤਰਾ' ਉੱਤੇ ਟਿੱਪਣੀਆਂ ਕਰ ਰਹੀਆਂ ਹਨ। ਉੱਥੇ ਹੀ ਸਿਆਸੀ ਮਾਹਿਰ ਵੀ ਇਸ ਯਾਤਰਾ ਨੂੰ ਆਪਣੇ ਨਜ਼ਰੀਏ ਨਾਲ ਵੇਖ ਰਹੇ ਹਨ। ਪਰ ਸਵਾਲ ਇਹ ਹੈ ਕਿ ਪੰਜਾਬ ਵਿਚ 'ਭਾਰਤ ਜੋੜੋ ਯਾਤਰਾ' ਆਪਣੇ ਉਦੇਸ਼ ਨੂੰ (What will be impact of Bharat Jodo Yatra on Punjab) ਕਿੰਨਾ ਕੁ ਪੂਰਾ ਕਰ ਸਕੇਗੀ ? ਸਭ ਤੋਂ ਵੱਡੀ ਚੁਣੌਤੀ ਪੰਜਾਬ ਕਾਂਗਰਸ ਆਪਣੀ ਅੰਦਰੂਨੀ ਗੁੱਟਬਾਜ਼ੀ ਨਾਲ ਕਿਵੇਂ ਨਜਿੱਠੇਗੀ ? ਇਸ ਸਭ ਦੇ ਬਾਰੇ ਈਟੀਵੀ ਭਾਰਤ ਵੱਲੋਂ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ। ਜਿਸ ਵਿਚ ਵਿਰੋਧੀ ਧਿਰਾਂ ਅਤੇ ਸਿਆਸੀ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ।
ਸਿਆਸੀ ਮਾਹਿਰਾਂ ਦੀਆਂ 'ਭਾਰਤ ਜੋੜੋ ਯਾਤਰਾ' 'ਤੇ ਟਿੱਪਣੀਆਂ:-'ਭਾਰਤ ਜੋੜੋ ਯਾਤਰਾ' ਦੀ ਪੰਜਾਬ ਵਿਚ ਐਂਟਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਸਰਗਰਮ ਹੋ ਗਈ ਹੈ। ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ 'ਭਾਰਤ ਜੋੜੋ ਯਾਤਰਾ' 'ਤੇ ਤੰਜ਼ ਕੱਸਦਿਆਂ ਕਿਹਾ ਕਿ ਚੰਗੀ ਗੱਲ ਹੈ ਕਿ 'ਭਾਰਤ ਜੋੜੋ ਯਾਤਰਾ' ਪੰਜਾਬ ਵਿਚ ਆ ਗਈ ਹੈ। ਯਾਤਰਾ ਕਰਨੀ ਵਧੀਆ ਹੈ, ਲੀਡਰ ਨੂੰ ਇਲਾਕੇ ਦੀ ਸਮਝ ਆ ਜਾਂਦੀ ਹੈ।
ਹਰਜੀਤ ਗਰੇਵਾਲ ਨੇ ਆਖਿਆ ਕਿ ਰਾਹੁਲ ਗਾਂਧੀ ਨੂੰ ਸਿਆਸਤ ਦੀ ਸਮਝ ਨਹੀਂ ਸੀ। ਹੁਣ ਯਾਤਰਾ ਦੇ ਨਾਲ ਉਹਨਾਂ ਦੀ ਸਿਆਸੀ ਸੂਝ ਬੂਝ ਹੋਰ ਵਧੇਗੀ। ਉਹਨਾਂ ਆਖਿਆ ਕਿ ਰਾਹੁਲ ਗਾਂਧੀ ਫਿਰ ਠੀਕ ਢੰਗ ਦੇ ਨਾਲ ਗੱਲਾਂ ਵੀ ਕਰਨਗੇ। ਵਿਰੋਧੀ ਧਿਰ ਲਈ ਜ਼ਰੂਰੀ ਹੁੰਦਾ ਹੈ ਕਿ ਸਾਰੇ ਤੱਥਾਂ ਅਤੇ ਸਿਆਸਤ ਦੀ ਚੰਗੀ ਜਾਣਕਾਰੀ ਹੋਵੇ।ਹਰਜੀਤ ਗਰੇਵਾਲ ਨੇ ਕਿਹਾ ਕਿ ਪ੍ਰਮਾਤਮਾ ਰਾਹੁਲ ਗਾਂਧੀ ਨੂੰ ਸੁਮੱਤ ਦੇਵੇ ਕਿ ਅੱਗੇ ਵਾਸਤੇ ਉਹ ਵਿਰੋਧੀ ਧਿਰ ਵਿਚ ਬੈਠ ਕੇ ਠੀਕ ਗੱਲਾਂ ਕਰਨ।
ਰਾਹੁਲ ਗਾਂਧੀ ਪਿਛਲੇ ਸਮੇਂ ਵਿੱਚ ਹੋਏ ਕਤਲੇਆਮ ਲਈ ਮੁਆਫੀ ਮੰਗਣਗੇ:-ਉਧਰ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਆਪਣੀ ਪਾਰਟੀ ਦੇ ਪ੍ਰੋਗਰਾਮ ਕਰਵਾਉਣਾ ਹਰ ਸਿਆਸੀ ਪਾਰਟੀ ਦਾ ਅਧਿਕਾਰ ਹੈ। ਪਰ ਅੱਜ ਤੱਕ ਗਾਂਧੀ ਪਰਿਵਾਰ ਨੇ ਪੰਜਾਬ ਨੂੰ ਜੋ ਜਖ਼ਮ ਦਿੱਤੇ ਹਨ, ਉਹ ਜ਼ਖ਼ਮ ਹਰੇ ਜ਼ਰੂਰ ਹੋਣਗੇ। ਅੱਜ ਤੱਕ ਗਾਂਧੀ ਪਰਿਵਾਰ ਨੇ ਆਪਣੇ ਕੀਤੇ ਦੀ ਮੁਆਫ਼ੀ ਨਹੀਂ ਮੰਗੀ। ਉਹਨਾਂ ਆਖਿਆ ਕਿ 1984 ਵਿਚ ਜੋ ਕਤਲੇਆਮ ਹੋਇਆ। ਉਸ ਉੱਤੇ ਅਜੇ ਤੱਕ ਕਾਂਗਰਸ ਨੂੰ ਪਛਤਾਵਾ ਨਹੀਂ ਹੁਣ 'ਭਾਰਤ ਜੋੜੋ ਯਾਤਰਾ' ਪੰਜਾਬ ਵਿੱਚੋਂ ਲੰਘ ਰਹੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਪਿਛਲੇ ਸਮੇਂ ਵਿੱਚ ਹੋਏ ਕਤਲੇਆਮ ਲਈ ਮੁਆਫੀ ਮੰਗਣਗੇ।
ਗਾਂਧੀ ਪਰਿਵਾਰ ਨੇ ਸਾਰੇ ਦੇਸ਼ ਦੇ ਹਿੱਤਾਂ ਉੱਤੇ ਡਾਕਾ ਮਾਰਿਆ:- ਉਧਰ ਸ਼੍ਰੋਮਣੀ ਅਕਾਲੀ ਦਲ ਨੇ ਵੀ 'ਭਾਰਤ ਜੋੜੋ ਯਾਤਰਾ' ਨੂੰ ਨਿਸ਼ਾਨੇ 'ਤੇ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਪੰਜਾਬ ਆਈ ਹੋਈ ਹੈ। ਇਹ ਉਹੀ ਕਾਂਗਰਸ ਪਾਰਟੀ ਹੈ, ਜਿਸਨੇ ਪੰਜਾਬ ਦਾ ਅਤੇ ਸਿੱਖਾਂ ਦਾ ਬਹੁਤ ਵੱਡਾ ਘਾਣ ਕੀਤਾ। ਪਹਿਲਾਂ ਸ਼ਾਇਦ ਹੀ ਕਿਸੇ ਸੂਬੇ ਅਤੇ ਕੌਮ ਦਾ ਇੰਨਾ ਵੱਡਾ ਘਾਣ ਹੋਇਆ ਹੋਵੇ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਕਿ ਕਾਂਗਰਸ ਦੇ ਗਾਂਧੀ ਪਰਿਵਾਰ ਨੇ ਤੋਪਾਂ ਅਤੇ ਟੈਂਕਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ। ਇਸੇ ਗਾਂਧੀ ਪਰਿਵਾਰ ਨੇ ਦਿੱਲੀ ਦੀਆਂ ਸੜਕਾਂ ਉੱਤੇ ਭਜਾ-ਭਜਾ ਕੇ ਸਿੱਖਾਂ ਦਾ ਕਤਲ ਕੀਤਾ। ਇਸੇ ਗਾਂਧੀ ਪਰਿਵਾਰ ਨੇ ਪੰਜਾਬ ਦੀ ਹਿੱਕ ਪਾੜ ਕੇ ਪਾਣੀਆਂ 'ਤੇ ਡਾਕਾ ਮਾਰਿਆ, ਐਸਵਾਈਐਲ ਨਹਿਰ ਬਣਾਈ, ਗਾਂਧੀ ਪਰਿਵਾਰ ਨੇ ਸਾਰੇ ਦੇਸ਼ ਦੇ ਹਿੱਤਾਂ ਉੱਤੇ ਡਾਕਾ ਮਾਰਿਆ ਐਮਰਜੈਂਸੀ ਲਗਾਈ। ਉਹਨਾਂ ਆਖਿਆ ਕਿ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਜਵਾਬ ਦੇਣ ਕਿ ਕਿਹੜੇ ਹੱਕ ਨਾਲ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੀ ਧਰਤੀ ਉੱਤੇ ਕਦਮ ਰੱਖ ਰਿਹਾ ਹੈ।
ਕੀ ਕਹਿੰਦਾ ਹੈ ਸਿਆਸੀ ਮਾਹਿਰਾਂ ਦਾ ਦ੍ਰਿਸ਼ਟੀਕੋਣ ? 'ਭਾਰਤ ਜੋੜੋ ਯਾਤਰਾ' ਦੇ ਪ੍ਰਸੰਗ ਵਿਚ ਈਟੀਟੀ ਭਾਰਤ ਵੱਲੋਂ ਰਾਜਨੀਤਿਕ ਵਿਸ਼ਲੇਸ਼ਕ ਮਾਲਵਿੰਦਰ ਮਾਲੀ ਨਾਲ ਗੱਲ ਕੀਤੀ ਗਈ। ਉਹਨਾਂ ਦੱਸਿਆ ਕਿ 'ਭਾਰਤ ਜੋੜੋ ਯਾਤਰਾ' ਦੀ ਜੇ ਦੇਸ਼ ਪੱਧਰ ਉੱਤੇ ਗੱਲ ਕੀਤੀ ਜਾਵੇ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਦੇਸ਼ ਦੀ ਪਾਰਲੀਮਾਨੀ ਸਿਆਸਤ ਵਿਚ 'ਭਾਰਤ ਜੋੜੋ ਯਾਤਰਾ' ਬਹੁਤ ਵੱਡੀ ਘਟਨਾ ਬਣ ਸਕਦੀ ਹੈ। ਬਹੁਤ ਨਵੇਂ ਵਰਤਾਰੇ ਖੇਡ ਸਕਦੀ ਹੈ, ਮੋਦੀ ਖ਼ਿਲਾਫ਼ ਵਿਰੋਧੀ ਧਿਰਾਂ ਨੂੰ ਇਕ ਪਲੇਟਫਾਰਮ ਉੱਤੇ ਲਾਮਬੰਧ ਕਰ ਸਕਦੀ ਹੈ।