ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣੇ ਪੈਰ ਪੱਕੇ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੀ ਕਿਸੇ ਵੇਲੇ ਅਕਾਲੀ ਦਲ ਨਾਲ ਭਾਈਵਾਲੀ ਸੀ ਪਰ ਕਿਸਾਨ ਬਿੱਲਾਂ ਅਤੇ ਵਿਰੋਧ ਕਾਰਨ ਇਹ ਭਾਈਵਾਲੀ ਖਤਮ ਹੋ ਗਈ ਤੇ ਦੋਵਾਂ ਪਾਰਟੀਆਂ ਦੇ ਵਖਰੇਵਿਆਂ ਕਾਰਨ ਸੂਬੇ ਵਿੱਚ ਭਾਜਪਾ ਦੀ ਹਾਲਤ ਲਗਾਤਾਰ ਖਸਤਾ ਰਹੀ ਹੈ। ਇਸਨੂੰ ਮੁੜ ਕਾਇਮ ਕਰਨ ਲਈ ਲਗਾਤਾਰ ਪਾਰਟੀ ਸਿਰਜੋੜ ਕੇ ਯਤਨ ਕਰ ਰਹੀ ਹੈ। ਇਸੇ ਕੜੀ ਵਿੱਚ ਸੂਬੇ ਦੀ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ ਕੀਤੇ ਨਵੇਂ ਫੈਸਲੇ ਦੇ ਰੂਪ ਵਿੱਚ ਸੁਨੀਲ ਜਾਖੜ ਨੂੰ ਪਾਰਟੀ ਦੇ ਪੈਰ ਪੱਕੇ ਕਰਨ ਲਈ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਖਬਰਾਂ ਇਹ ਵੀ ਨੇ ਕਿ ਪਾਰਟੀ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ੍ਹਨ ਵਾਲੇ ਲੀਡਰਾਂ ਨੂੰ ਵੀ ਨਵੀਆਂ ਕੁਰਸੀਆਂ ਦੇ ਸਕਦੀ ਹੈ। ਹਾਲਾਂਕਿ ਸੁਨੀਲ ਜਾਖੜ ਦੀ ਪ੍ਰਧਾਨਗੀ ਨਾਲ ਪੰਜਾਬ ਵਿੱਚ ਨਵੀਂ ਸਿਆਸਤ ਜ਼ਰੂਰ ਛਿੜ ਸਕਦੀ ਹੈ। ਇਸਨੂੰ ਲੈ ਕੇ ਸਿਆਸੀ ਅਤੇ ਵਿਰੋਧੀ ਧਿਰਾਂ ਦੇ ਲੀਡਰਾਂ ਦੀ ਆਪੋ ਆਪਣੀ ਰਾਏ ਹੈ।
ਜਾਖੜ ਦੀ ਸਾਫ ਸਿਆਸਤ :ਦਰਅਸਲ ਸੁਨੀਲ ਜਾਖੜ ਪੰਜਾਬ ਦੀ ਸਿਆਸਤ ਵਿੱਚ ਇਕ ਵੱਡੇ ਕੱਦ ਦੇ ਆਗੂ ਹਨ। ਕਾਂਗਰਸ ਪਾਰਟੀ 'ਚ ਹੁੰਦਿਆਂ ਵੀ ਉਹਨਾਂ ਪੰਜਾਬ 'ਚ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਹਨ। ਵੋਟ ਬੈਂਕ ਦੀ ਗੱਲ ਕੀਤੀ ਜਾਵੇ ਤਾਂ ਜਾਖੜ ਨੂੰ ਹਿੰਦੂ ਸਿੱਖ ਦੋਵਾਂ ਧਰਮਾਂ ਵਿੱਚ ਪਸੰਦ ਕੀਤਾ ਜਾਂਦਾ ਹੈ। ਹਿੰਦੂ ਨੇਤਾ ਵਜੋਂ ਪੰਜਾਬ ਦੇ ਇਕ ਤਬਕੇ ਵੱਲੋਂ ਜਾਖੜ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਦੂਜੇ ਪਾਸੇ ਭਾਜਪਾ ਇਹ ਸੁਨੇਹਾ ਵੀ ਦੇਣਾ ਚਾਹੁੰਦੀ ਹੈ ਕਿ ਨਵੇਂ ਬੰਦਿਆਂ ਨੂੰ ਪਾਰਟੀ ਵਿਚ ਖਾਸ ਥਾਂ ਦਿੱਤੀ ਜਾਂਦੀ ਹੈ। ਜੋ ਵੀ ਆਉਣਾ ਚਾਹੇ ਆ ਸਕਦਾ ਹੈ ਹਰ ਇਕ ਨੂੰ ਭਾਜਪਾ ਵਿੱਚ ਸਨਮਾਨ ਦਿੱਤਾ ਜਾਂਦਾ ਹੈ। ਸੰਗਰੂਰ ਅਤੇ ਜਲੰਧਰ ਜ਼ਿਮਨੀ ਚੋਣਾਂ 'ਚ ਭਾਜਪਾ ਦਾ ਇਹ ਤਜਰਬਾ ਰਿਹਾ ਕਿ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਦੇ ਕੇਡਰ ਦੀ ਵੀ ਸਰਗਰਮ ਭੂਮਿਕਾ ਹੁੰਦੀ ਹੈ ਜੋ ਕਿ ਪੁਰਾਣੇ ਵੋਟਰਾਂ ਅਤੇ ਨਵੇਂ ਵੋਟਰਾਂ ਦਾ ਪ੍ਰਭਾਵ ਕਬੂਲਦੀ ਹੈ। ਇਥੇ ਭਾਜਪਾ ਦੀ ਡਬਲ ਇੰਜਣ ਵਾਲੀ ਫਿਲਾਸਫੀ ਕੰਮ ਕਰਦੀ ਹੈ।
ਜਿਸ ਤਰ੍ਹਾਂ ਭਾਜਪਾ ਪਾਰਟੀ ਵਿਚ ਨਵੇਂ ਆਗੂਆਂ ਨੂੰ ਵੱਡੀ ਜ਼ਿੰਮੇਵਾਰੀ ਦੇ ਰਹੀ ਹੈ ਉਸ ਤਰ੍ਹਾਂ ਪੁਰਾਣੇ ਅਤੇ ਟਕਸਾਲੀ ਭਾਜਪਾ ਆਗੂਆਂ ਅਤੇ ਵਰਕਰਾਂ ਵਿੱਚ ਨਾਰਾਜ਼ਗੀ ਅਤੇ ਨਿਰਾਸ਼ਾ ਹੋਣਾ ਲਾਜ਼ਮੀ ਹੈ। ਪਾਰਟੀ ਵਿੱਚ 20-20 ਸਾਲ ਤੋਂ ਕੰਮ ਕਰ ਰਹੇ ਆਗੂਆਂ ਵਿੱਚ ਅਜਿਹੀਆਂ ਚਰਚਾਵਾਂ ਕਾਰਨ ਨਿਰਾਸ਼ਾ ਦਾ ਆਲਮ ਹੈ। ਪਾਰਟੀ ਵਿੱਚ ਗੁਟਬੰਦੀ ਦੇ ਅਸਾਰ ਵੀ ਵੱਧ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਤੋਂ ਬਾਅਦ ਜਦੋਂ ਭਾਜਪਾ ਦਾ ਪੁਨਰ ਗਠਨ ਹੋਇਆ ਸੀ ਉਦੋਂ ਵੀ ਪਾਰਟੀ ਦੀ ਕੋਰ ਲੀਡਰਸ਼ਿਪ ਦੀ ਬਗਾਵਤ ਦਾ ਸਾਹਮਣਾ ਪਾਰਟੀ ਨੂੰ ਕਰਨਾ ਪਿਆ ਸੀ। ਉਸ ਵੇਲੇ ਤਾਂ ਭਾਜਪਾ ਦੀਆਂ ਪਾਰਟੀ ਮੀਟਿੰਗਾਂ ਦਫ਼ਤਰਾਂ ਦੀ ਥਾਂ ਆਗੂਆਂ ਦੇ ਘਰਾਂ ਵਿੱਚ ਹੋਣ ਲੱਗੀਆਂ ਸਨ। ਦੂਜੇ ਪਾਸੇ ਪਾਰਟੀ ਵੀ ਬਾਗੀ ਅਤੇ ਨਾਰਾਜ਼ ਆਗੂਆਂ ਦੇ ਪਰ ਕੁਤਰਣ ਦੇ ਮੂਡ 'ਚ ਹੈ। ਕਿਉਂਕਿ ਭਾਜਪਾ ਦੇ ਏਜੰਡੇ ਅਨੁਸਾਰ ਬਾਗੀ ਸੁਰ ਜ਼ਿਆਦਾ ਦੇਰ ਤੱਕ ਬੁਲੰਦ ਨਹੀਂ ਰਹਿ ਸਕਦੇ। ਰਾਜਨੀਤੀ ਦਾ ਦਸਤੂਰ ਹੀ ਇਹ ਹੈ ਕਿ ਸੱਥਾ ਹਥਿਆਉਣਾ, ਸੱਤਾ ਅਜਮਾਉਣਾ ਅਤੇ ਮੁੜ ਸੱਤਾ ਵਿਚ ਆਉਣਾ ਪਾਰਟੀਆਂ ਦੀ ਹਮੇਸ਼ਾ ਤੋਂ ਪ੍ਰਵਿਰਤੀ ਰਹੀ ਹੈ।
ਪੰਜਾਬ ਲਈ ਭਾਜਪਾ ਦੀ ਰਣਨੀਤੀ: ਪੰਜਾਬ ਵਿੱਚ ਸੱਤਾ ਦਾ ਰਾਜ ਭਾਗ ਮਾਨਣਾ ਭਾਜਪਾ ਦਾ ਸੁਪਨਾ ਬਣ ਚੁੱਕਿਆ ਹੈ। ਜਿਸ ਲਈ ਭਾਜਪਾ ਕਈ ਰਣਨੀਤੀਆਂ 'ਤੇ ਕੰਮ ਕਰ ਰਹੀ ਹੈ ਅਤੇ ਪੇਂਡੂ ਖੇਤਰਾਂ ਉੱਤੇ ਜ਼ਿਆਦਾ ਫੋੋਕਸ ਕਰ ਰਹੀ ਹੈ। ਜਾਖੜ ਤੋਂ ਇਲਾਵਾ ਮਨਪ੍ਰੀਤ ਬਾਦਲ ਅਤੇ ਫਤਹਿਜੰਗ ਬਾਜਵਾ ਦਾ ਨਾਂ ਵੀ ਈ ਵੱਡੀਆਂ ਜ਼ਿੰਮੇਵਾਰੀਆਂ ਮਿਲਣ ਦੀ ਕਤਾਰ ਵਿੱਚ ਹੈ। ਸਰਹੱਦੀ ਸੂਬਾ ਹੋਣ ਕਰਕੇ ਭਾਜਪਾ ਪੰਜਾਬ ਦੀ ਰਾਜਨੀਤੀ ਨੂੰ ਕਈ ਪੱਖਾਂ ਤੋਂ ਵੇਖ ਰਹੀ ਹੈ। ਭਾਜਪਾ ਦਾ ਏਜੰਡਾ ਤਾਂ ਇਹ ਵੀ ਹੈ ਕਿ ਅਡਾਨੀ ਜਾਂ ਹੋਰ ਵੱਡੇ ਵੱਡੇ ਕਾਰਪੋਰੇਟਾਂ ਦਾ ਵਪਾਰ ਸਰਹੱਦੀ ਸੂਬੇ ਰਾਹੀਂ ਸੈਂਟਰਲ ਏਸ਼ੀਆ ਦੇਸ਼ਾਂ ਤੱਕ ਪਹੁੰਚਾਇਆ ਜਾਵੇ। ਜੋ ਕਿ ਪੰਜਾਬ ਦੇ ਜ਼ਰੀਏ ਹੋਣਾ ਹੀ ਸੰਭਵ ਹੈ। ਦੂਜਾ ਪੰਜਾਬ ਦੇ ਜ਼ਰੀਏ ਭਾਜਪਾ ਰਾਜਨੀਤਿਕ ਦਬਦਬਾ ਬਣਾਉਣਾ ਚਾਹੁੰਦੀ ਹੈ ਤਾਂ ਕਿ ਪਾਕਿਸਤਾਨ ਤੇ ਆਪਣੀ ਸ਼ਕਤੀ ਅਤੇ ਦਬਾਅ ਬਰਕਰਾਰ ਰਹਿ ਸਕੇ।
ਕੀ ਜਾਖੜ ਬੰਨ੍ਹੇ ਲਾਉਣਗੇ ਭਾਜਪਾ ਦੀ ਬੇੜੀ ?ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਹਨ ਕਿ 2024 'ਚ ਲੋਕ ਸਭਾ ਚੋਣਾਂ 'ਤੇ ਇਸਦਾ ਅਸਰ ਵੀ ਵੇਖਿਆ ਜਾ ਸਕਦਾ ਹੈ ਅਤੇ ਭਾਜਪਾ ਵੀ 2024 ਚੋਣਾਂ ਦੇ ਸਮੀਕਰਨ ਬਦਲਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੈ। ਇਸੇ ਕਰਕੇ ਹੀ ਭਾਜਪਾ ਆਪਣੇ ਸੰਗਠਨਾਤਮਕ ਢਾਂਚੇ ਵਿਚ ਵੱਡਾ ਬਦਲਾਅ ਕਰ ਰਹੀ ਹੈ। ਹਾਲਾਂਕਿ ਦੂਰਗਾਮੀ ਲੋਕਤੰਤਰ ਵਿਚ ਅਜਿਹੀ ਰਾਜਨੀਤੀ ਦੇ ਸਿੱਟੇ ਕੋਈ ਬਹੁਤੇ ਚੰਗੇ ਨਹੀਂ ਹੋਣਗੇ। ਪਰ ਹਾਲ ਦੀ ਘੜੀ ਭਾਜਪਾ ਨੇ ਵੱਡਾ ਦਾਅ ਲਗਾਇਆ ਹੋਇਆ।
ਸੁਨੀਲ ਜਾਖੜ ਨੂੰ ਬੀਜੇਪੀ ਦੀ ਪੰਜਾਬ ਇਕਾਈ ਦੀ ਪ੍ਰਧਾਨਗੀ ਦੇ ਕੀ ਨੇ ਸਿਆਸੀ ਮਾਇਨੇ, ਪੜ੍ਹੋ ਇਹ ਖ਼ਾਸ ਰਿਪੋਰਟ... - ਸੁਨੀਲ ਜਾਖੜ ਨਾਲ ਜੁੜੀਆਂ ਖਬਰਾਂ
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਹੈ। ਇਸਦੇ ਵਿਰੋਧੀ ਧਿਰਾ ਅਤੇ ਸਿਆਸੀ ਮਾਹਿਰਾਂ ਵੱਲੋਂ ਕਈ ਮਤਲਬ ਲਏ ਜਾ ਰਹੇ ਹਨ। ਪੜ੍ਹੋ ਇਹ ਖ਼ਾਸ ਰਿਪੋਰਟ...
ਪੰਜਾਬ 'ਚ 13 ਲੋਕ ਸਭਾ ਦੀਆਂ ਸੀਟਾਂ :ਪੰਜਾਬ ਵਿੱਚ 13 ਲੋਕ ਸਭਾ ਦੀਆਂ ਸੀਟਾਂ ਹਨ, ਜਿਹਨਾਂ ਵਿਚ ਚਾਰ ਸੀਟਾਂ ਐਸਸੀ ਕੈਟਾਗਿਰੀ ਲਈ ਰਾਖਵੀਆਂ ਰੱਖੀਆਂ ਗਈਆਂ ਹਨ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਪੰਜਾਬ ਦੀ 57.69 ਫੀਸਦ ਆਬਾਦੀ ਸਿੱਖ ਧਰਮ ਨਾਲ ਸਬੰਧ ਰੱਖਦੀ ਹੈ। ਹਿੰਦੂਆਂ ਦੀ ਆਬਾਦੀ 38.5 ਫੀਸਦ ਹੈ ਜਦੋਂ ਕਿ ਮੁਸਲਮਾਨ, 1.93 ਫੀਸਦ ਈਸਾਈ, 1.3 ਫੀਸਦ ਬੋਧੀ ਅਤੇ 0.12 ਫੀਸਦ ਜੈਨ ਪੰਜਾਬ 'ਚ ਰਹਿੰਦੇ ਹਨ। ਜੇਕਰ ਗੱਲ ਕਰੀਏ ਸਿਆਸਤ ਵਿਚ ਸੁਨੀਲ ਜਾਖੜ ਦੇ ਪ੍ਰਭਾਵ ਦੀ ਤਾਂ ਸੁਨੀਲ ਜਾਖੜ ਹਿੰਦੂ ਆਗੂ ਵਜੋਂ ਪੰਜਾਬ ਵਿਚ ਵੱਡੀ ਪਛਾਣ ਰੱਖਦੇ ਹਨ। ਪਰ ਸਿੱਖ ਅਤੇ ਹਿੰਦੂ ਦੋਵਾਂ ਭਾਈਚਾਰਿਆਂ ਵਿਚ ਸੁਨੀਲ ਜਾਖੜ ਦਾ ਚੰਗਾ ਅਧਾਰ ਹੈ। ਉਹਨਾਂ ਦਾ ਵਿਧਾਨ ਸਭਾ ਹਲਕਾ ਅਬੋਹਰ ਵੀ ਉਹਨਾਂ ਦਾ ਪ੍ਰਭਾਵ ਕਬੂਲਦਾ ਹੈ ਕਿਉਂਕਿ 2022 ਵਿਧਾਨ ਸਭਾ ਦੀ ਚੋਣ ਸੁਨੀਲ ਜਾਖੜ ਨੇ ਖੁਦ ਨਹੀਂ ਲੜੀ। ਉਹਨਾਂ ਦੀ ਥਾਂ ਉਹਨਾਂ ਦੇ ਭਤੀਜੇ ਸੰਦੀਪ ਜਾਖੜ ਨੇ ਪਹਿਲੀ ਵਾਰ ਚੋਣ ਪਿੜ ਮਲਿਆ ਅਤੇ ਆਪ ਦੀ ਹਨੇਰੀ ਦੇ ਬਾਵਜੂਦ ਵੀ ਜਾਖੜ ਪਰਿਵਾਰ ਦਾ ਦਬਦਬਾ ਅਬੋਹਰ 'ਚ ਬਰਕਰਾਰ ਰਿਹਾ।