ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਿਆਸੀ ਰਿਸ਼ਤਿਆਂ ਵਿੱਚ ਕੜਵਾਹਟ ਨਜ਼ਰ ਆ ਰਹੀ ਹੈ। ਭਾਜਪਾ ਵਲੋਂ ਦਿੱਲੀ ਵਿਧਾਨ ਸਭਾ ਵਿੱਚ ਅਕਾਲੀ ਦਲ ਨਾਲ ਗਠਜੋੜ ਨਾ ਕਰਕੇ ਸਿਆਸੀ ਹਲਕਿਆਂ ਅੰਦਰ ਨਵੀਂ ਕਿਸਮ ਦੀਆਂ ਚਰਚਾਵਾਂ ਨੂੰ ਬਲ ਦੇ ਦਿੱਤਾ ਹੈ। ਸਿਆਸੀ ਹਲਕਿਆਂ ਅੰਦਰ ਅਕਾਲੀ ਦਲ ਭਾਜਪਾ ਦੇ ਪੰਜਾਬ ਵਿੱਚਲੇ ਗਠਜੋੜ ਨੂੰ ਲੈ ਕੇ ਵੀ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਸੁਨਣ ਨੂੰ ਮਿਲ ਰਹੀਆਂ ਹਨ।
ਬੀਤੇ ਦਿਨੀਂ ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਤਾਜ਼ਪੋਸ਼ੀ ਸਮਾਗਾਮ ਦੌਰਾਨ ਸੀਨੀਅਰ ਭਾਜਪਾ ਆਗੂ ਮੋਹਨ ਲਾਲ ਵਲੋਂ 2022 ਦੀਆਂ ਚੋਣਾਂ ਭਾਜਪਾ ਵਲੋਂ ਆਪਣੇ ਦਮ 'ਤੇ ਲੜਣ ਦੇ ਦਿੱਤੇ ਗਏ ਬਿਆਨ ਨੇ ਪੰਜਾਬ ਦੇ ਸਿਆਸੀ ਮਹੌਲ ਨੂੰ ਮੁੜ ਗਰਮ ਕਰ ਦਿੱਤਾ ਹੈ। ਮੋਹਨ ਦੇ ਬਿਆਨ 'ਤੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਆਪਣੀ ਪ੍ਰਤੀਕਿਰਿਆ ਜਾਹਿਰ ਕੀਤੀ ਹੈ
ਦਲਜੀਤ ਚੀਮਾ ਨੇ ਆਖਿਆ ਕਿ ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਣ ਜਾ ਰਹੀਆਂ ਚੋਣਾਂ ਆਕਲੀ ਦਲ-ਭਾਜਪਾ ਗਠਜੋੜ ਕਿਸ ਤਰ੍ਹਾਂ ਲੜੇਗਾ ਇਸ ਦਾ ਫੈਸਲਾ ਦੋਵੇਂ ਪਾਰਟੀਆਂ ਦੀ ਹਾਈ ਕਮਾਨ ਵਲੋਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕਿਸੇ ਆਗੂ ਦੇ ਨਿੱਜੀ ਬਿਆਨ 'ਤੇ ਕੋਈ ਟਿੱਪਣੀ ਨਹੀਂ ਕਰਨਗੇ। ਇਸੇ ਨਾਲ ਹੀ ਉਨ੍ਹਾਂ ਅਖਿਆ ਕਿ ਪੰਜਾਬ ਵਿੱਚ ਅਕਾਲੀ ਦਲ ਇੱਕ ਮਜ਼ਬੂਤ ਧਿਰ ਹੈ। ਇਸੇ ਦੌਰਾਨ ਭਾਜਪਾ ਵਲੋਂ ਮੋਹਨ ਲਾਲ ਦੇ ਬਿਆਨ ਤੋਂ ਪਾਸਾ ਵੱਟ ਦੇ ਕਾਰਨ ਮੋਹਨ ਲਾਲ ਵਲੋਂ ਆਪਣੇ ਬਿਆਨ ਤੋਂ ਇਹ ਕਹਿ ਕਿ ਪੱਲਾ ਝਾੜ ਦਿੱਤਾ ਗਿਆ ਸੀ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ।
ਪਹਿਲਾਂ ਭਾਜਪਾ ਵਲੋਂ ਅਕਾਲੀ ਦਲ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਮਿੰਨਤਾਂ ਕਰਨ ਦੇ ਬਾਵਜੂਦ ਗਠਜੋੜ ਤੋਂ ਬਾਹਰ ਰੱਖਿਆ ਗਿਆ ਸੀ। ਹੁਣ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਭਾਜਪਾ ਵਲੋਂ ਜੇਡੀ(ਯੂ) ਤੇ ਐਲਜੇਪੀ ਨਾਲ ਗਠਜੋੜ ਕਰਕੇ ਅਕਾਲੀ ਦਲ ਨੂੰ ਗਠਜੋੜ ਤੋਂ ਬਾਹਰ ਰੱਖ ਕੇ ਪੰਜਾਬ ਦੀ ਸਿਆਸ ਵਿੱਚ ਵੱਖਰੀ ਕਿਸਮ ਦੀ ਗਰਮਾਹਟ ਪੈਦਾ ਕਰ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਤੇ ਭਾਜਪਾ 2022 ਦੀਆਂ ਵਿਧਾਨ ਸਭਾ ਚੋਣਾਂ ਇੱਕਠੇ ਲੜ ਦੇ ਹਨ ਜਾ ਇਹ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਸਿਆਸੀ ਗਠਜੋੜ ਬਸ ਆਪਣੇ ਆਖਰੀ ਸਾਹਾਂ 'ਤੇ ਪਹੁੰਚ ਚੁੱਕਿਆ ਹੈ।