ਚੰਡੀਗੜ੍ਹ :ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਲੰਘੇ ਕੱਲ੍ਹ ਵਾਇਰਲ ਹੋਈ ਵੀਡੀਓ ਵਿੱਚ ਅੰਮ੍ਰਿਤਪਾਲ ਸਿੰਘ ਵਲੋਂ ਆਪਣੀ ਸਥਿਤੀ ਦੱਸਣ ਦੇ ਨਾਲ-ਨਾਲ ਸ੍ਰੀ ਅਕਾਲ ਸਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਸਰਬੱਤ ਖਾਲਸਾ ਬੁਲਾਉਣ ਲਈ ਕਿਹਾ ਗਿਆ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਜਥੇਦਾਰ ਨੂੰ ਸਰਬੱਤ ਖਾਲਸਾ ਵਿਸਾਖੀ ਵਾਲੇ ਦਿਨ ਬੁਲਾਉਣਾ ਚਾਹੀਦਾ ਹੈ ਅਤੇ ਸਾਰੀਆਂ ਸਿੱਖ ਸੰਗਤਾਂ ਨੂੰ ਇਸ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਸਰਬੱਤ ਖਾਲਸਾ ਦਾ ਬੁਲਾਉਣ ਅਤੇ ਇਸਦੀ ਬਣਤਰ ਦਾ ਇਤਿਹਾਸ ਵੀ ਕਾਫੀ ਪੁਰਾਣਾ ਹੈ।
ਸਰਬਤ ਖਾਲਸਾ ਦੇ ਸ਼ਬਦੀ ਅਰਥ :ਸਰਬੱਤ ਖਾਲਸਾ ਦੇ ਸ਼ਬਦੀ ਅਰਥ ਵੀ ਡੂੰਘੇ ਹਨ। ਸਰਬੱਤ ਸੰਸਕ੍ਰਿਤ ਦੇ ਸ਼ਬਦ ਸਵੰਤ੍ਰ ਤੋਂ ਬਣਿਆ ਹੈ। ਇਸਦਾ ਮਤਲਬ ਹੁੰਦਾ ਹੈ ਸਭ ਥਾਂ, ਸਭ ਜਗ੍ਹਾ। ਸਰਬੱਤ ਸ਼ਬਦ ਗੁਰਬਾਣੀ ਵਿੱਚੋਂ ਲਿਆ ਗਿਆ ਹੈ। ਇਸਦਾ ਮਤਲਬ ਅੰਤਰਿ ਬਾਹਰਿ ਸਰਬਤਿ ਰਵਿਆ ਤੋਂ ਲਿਆ ਗਿਆ ਹੈ। ਖਾਲਸਾ ਅਰਬੀ ਦਾ ਸ਼ਬਦ ਹੈ ਅਤੇ ਇਸਦੇ ਅਰਥ ਸ਼ੁੱਧ, ਨਿਰੋਲ, ਖ਼ਰਾ ਜਾਂ ਖਾਲਸ ਤੋਂ ਲਏ ਜਾਂਦੇ ਹਨ।
ਕੀ ਹੁੰਦਾ ਹੈ ਸਰਬੱਤ ਖਾਲਸਾ :ਦਰਅਸਲ ਸਿੱਖਾਂ ਦੀ ਸਮੁੱਚੇ ਰੂਪ ਵਿੱਚਲੀ ਸਭਾ ਨੂੰ ਸ਼ਬਦੀ ਰੂਪ ਵਿੱਚ ਸਰਬੱਤ ਖਾਲਸਾ ਕਿਹਾ ਜਾ ਸਕਦਾ ਹੈ। ਸਿੱਖ ਇਤਿਹਾਸ ਦੇ ਮਾਹਿਰਾਂ ਅਨੁਸਾਰ 16ਵੀਂ ਸ਼ਤਾਬਦੀ ਵਿਚ ਸਿੱਖ ਧਰਮ ਦੇ ਗੁਰੂ ਰਾਮਦਾਸ ਜੀ ਦੇ ਵੇਲੇ ਇਕ ਪ੍ਰਥਾ ਦੀ ਸ਼ੁਰੂਆਤ ਕੀਤੀ ਗਈ। ਇਸ ਮੁਤਾਬਿਕ ਸਾਲ ਵਿੱਚ ਸਿੱਖ ਕੌਮ ਦੋ ਵਾਰ ਆਪਣਾ ਇਕੱਠ ਕਰਦੀ ਸੀ। ਇਸ ਲਈ ਦਿਨ ਵੀ ਤੈਅ ਸੀ। ਇਹ ਇਕੱਠ ਵਿਸਾਖੀ ਅਤੇ ਦਿਵਾਲੀ ਵਾਲੇ ਦਿਨ ਕੀਤਾ ਜਾਂਦਾ ਸੀ। ਇਸ ਦੌਰਾਨ ਸਿੱਖ ਭਾਈਚਾਰੇ ਦੇ ਸਾਰੇ ਲੋਕ ਇਕ ਥਾਂ ਇਕੱਠੇ ਹੋ ਕੇ ਵਿਚਾਰ ਵਟਾਂਦਰਾ ਕਰਦੇ ਸਨ। ਇਸ ਦੌਰਾਨ ਰਾਜਸੀ ਅਤੇ ਸਮਾਜਿਕ ਬਦਲਾਅ ਉੱਤੇ ਵਿਚਾਰ ਚਰਚਾ ਹੁੰਦੀ ਸੀ।
2015 'ਚ ਸੱਦਿਆ ਗਿਆ ਸੀ ਸਰਬਤ ਖਾਲਸਾ :ਇਹ ਵੀ ਜ਼ਿਕਰਯੋਗ ਹੈ ਕਿ ਸਰਬੱਤ ਖਾਲਸਾ ਬੁਲਾਉਣ ਦਾ ਹੱਕ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਹੀ ਹੈ। ਇਸ ਸਰਬਤ ਖਾਲਸਾ ਵਿੱਚ ਜੋ ਵੀ ਖਾਲਸਾ ਫੈਸਲਾ ਕਰਦਾ ਹੈ, ਉਸਨੂੰ ਤਖਤ ਸਾਹਿਬ ਦੇ ਜੱਥੇਦਾਰ ਵਲੋਂ ਮੰਨਣ ਦਾ ਕੌਮ ਦੇ ਨਾਂ ਹੁਕਮ ਵੀ ਜਾਰੀ ਕੀਤਾ ਜਾਂਦਾ ਹੈ। ਸਿੱਖ ਇਤਿਹਾਸਕਾਰਾਂ ਮੁਤਾਬਿਕ 2015 ਵਿਚ ਸਰਬੱਤ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਅਤੇ ਮੈਂਬਰ ਪਾਰਲੀਮੈਂਟ ਸਿਰਮਨਜੀਤ ਸਿੰਘ ਮਾਨ ਅਤੇ ਯੂਨਾਈਟਿਡ ਅਕਾਲੀ ਦਲ ਦੇ ਨੇਤਾ ਮੋਹਕਮ ਸਿੰਘ ਵਲੋਂ ਸੱਦਿਆ ਗਿਆ ਸੀ।