ਚੰਡੀਗੜ੍ਹ:ਨਵੇਂ ਸਾਲ ਦੀ ਸ਼ੁਰੂਆਤ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਨਾਲ ਹੋਈ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਪਾਸੇ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਤੇ ਮੌਸਮ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।
ਅਲਰਟ ਜਾਰੀ: ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨ ਵੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਅਤੇ ਠੰਡੀਆਂ ਹਵਾਵਾਂ ਚੱਲਣਗੀਆਂ। ਇਨ੍ਹਾਂ ਥਾਵਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ-ਐੱਨਸੀਆਰ ਸਮੇਤ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਸੰਘਣੀ ਧੁੰਦ ਦੇ ਨਾਲ ਠੰਡੇ ਦਿਨ ਦਾ ਅਲਰਟ ਜਾਰੀ ਹੈ।
15 ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ: ਆਈਐਮਡੀ ਮੁਤਾਬਕ ਪੰਜਾਬ ਦੇ ਕਰੀਬ 15 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਈ ਰਹੇਗੀ। ਮੌਸਮ ਵਿਭਾਗ ਨੇ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਮੋਗਾ, ਬਰਨਾਲਾ, ਬਠਿੰਡਾ, ਮਾਨਸਾ, ਮੁਕਤਸਰ, ਸੰਗਰੂਰ, ਫਿਰੋਜ਼ਪੁਰ, ਫਾਜ਼ਿਲਕਾ, ਪਟਿਆਲਾ, ਫਰੀਦਕੋਟ ਅਤੇ ਮਲੇਰਕੋਟਲਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ।
ਹੋਰ ਵਧੇਗੀ ਠੰਢ: ਮੌਸਮ ਵਿਭਾਗ ਨੇ ਕਿਹਾ ਹੈ ਕਿ ਜਨਵਰੀ 2024 ਦੇ ਪਹਿਲੇ ਹਫ਼ਤੇ ਤਾਪਮਾਨ ਡਿੱਗਣ ਦੀ ਪੂਰੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ 9 ਤੋਂ 6 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਵਾਲਾ ਹੈ। ਆਈਐਮਡੀ ਦੇ ਅਨੁਸਾਰ, ਬਹੁਤ ਸੰਘਣੀ ਧੁੰਦ ਉਦੋਂ ਹੁੰਦੀ ਹੈ ਜਦੋਂ ਦ੍ਰਿਸ਼ਟੀ 0 ਤੋਂ 50 ਮੀਟਰ ਦੇ ਵਿਚਕਾਰ ਹੁੰਦੀ ਹੈ। ਸੰਘਣੀ ਧੁੰਦ ਉਦੋਂ ਹੁੰਦੀ ਹੈ ਜਦੋਂ ਦ੍ਰਿਸ਼ਟੀ 51 ਅਤੇ 200 ਮੀਟਰ ਦੇ ਵਿਚਕਾਰ ਹੁੰਦੀ ਹੈ। ਦਰਮਿਆਨੀ ਧੁੰਦ 201 ਅਤੇ 500 ਮੀਟਰ ਦੇ ਵਿਚਕਾਰ ਹੁੰਦੀ ਹੈ। 1000 ਮੀਟਰ ਵਿਜ਼ੀਬਿਲਟੀ ਦੌਰਾਨ ਹਲਕੀ ਧੁੰਦ ਹੈ।
ਆਵਾਜਾਈ ਹੋਵੇਗੀ ਪ੍ਰਭਾਵਿਤ: ਸੰਘਣੀ ਧੁੰਦ ਅਤੇ ਵਿਜ਼ੀਬਿਲਟੀ ਘਟਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਲੇ ਦੋ ਮਹੀਨਿਆਂ ਦੌਰਾਨ ਮੱਧ ਅਤੇ ਉੱਤਰ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2-3 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋ ਸਕਦਾ ਹੈ।
ਦਿੱਲੀ ਤੇ ਹਰਿਆਣਾ ਲਈ ਵੀ ਅਲਰਟ: ਨਵੇਂ ਸਾਲ ਦੇ ਹਫ਼ਤੇ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲੇਗੀ। ਤਾਪਮਾਨ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਅੱਜ ਯਾਨੀ 1 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਹਰਿਆਣਾ ਵਿੱਚ ਵੀ ਕੜਾਕੇ ਦੀ ਠੰਢ ਜਾਰੀ ਰਹਿਣ ਦੀ ਸੰਭਾਵਨਾ ਹੈ। ਆਈਐਮਡੀ ਦੇ ਅਨੁਸਾਰ, ਹਰਿਆਣਾ ਦੇ 11 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਸਥਿਤੀ ਰਹੇਗੀ। ਹਰਿਆਣਾ ਵਿੱਚ ਅੰਬਾਲਾ, ਕਰਨਾਲ, ਕੁਰੂਕਸ਼ੇਤਰ, ਕੈਥਲ, ਰੋਹਤਕ, ਸੋਨੀਪਤ, ਪਾਣੀਪਤ, ਸਿਰਸਾ, ਫਤਿਹਾਬਾਦ, ਹਿਸਾਰ ਅਤੇ ਜੀਂਦ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।