ਚੰਡੀਗੜ੍ਹ: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ ਤੇ ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਅੱਜ ਧੁੰਦ ਤੋਂ ਰਾਹਤ ਮਿਲੀ, ਪਰ ਸੀਤ ਲਹਿਰ ਜ਼ੋਰੇ ਉੱਤੇ ਹੈ। ਵੈਸਟਰਨ ਡਿਸਟਰਬੈਂਸ ਕਾਰਨ ਤਿੰਨਾਂ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਕਈ ਜ਼ਿਲ੍ਹਿਆ 'ਚ ਅੱਜ 25 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਪਹਾੜੀ ਇਲਾਕਿਆਂ 'ਚ ਹੋ ਰਹੀ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਮਹਿਸੂਸ ਕੀਤਾ ਜਾ ਰਿਹਾ ਹੈ। ਕੜਾਕੇ ਦੀ ਠੰਢ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੋਲਡ ਡੇ ਦਾ ਅਲਰਟ ਜਾਰੀ: ਦੱਸ ਦੇਈਏ ਕਿ ਜਲਦੀ ਹੀ ਮੌਸਮ ਫਿਰ ਤੋਂ ਬਦਲਣ ਵਾਲਾ ਹੈ, ਪਹਾੜੀ ਰਾਜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਠੰਢ ਵਧਣ ਵਾਲੀ ਹੈ, ਖਾਸ ਕਰਕੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿੱਚ। ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਜਿਵੇਂ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ‘ਕੋਲਡ ਡੇ’ ਅਤੇ ‘ਸੀਵਰੀ ਕੋਲਡ ਡੇ’ ਦਾ ਅਲਰਟ ਜਾਰੀ ਕੀਤਾ ਹੈ। ਆਈਐਮਡੀ ਦੀ ਜਾਣਕਾਰੀ ਅਨੁਸਾਰ 9 ਜਨਵਰੀ ਤੋਂ 10 ਜਨਵਰੀ ਤੱਕ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬ 'ਚ ਸੀਤ ਲਹਿਰ ਕਾਰਨ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਸੋਮਵਾਰ ਨੂੰ ਪਟਿਆਲਾ ਦਾ ਘੱਟੋ-ਘੱਟ ਤਾਪਮਾਨ 7.0 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 10.6 ਡਿਗਰੀ ਸੈਲਸੀਅਸ ਰਿਹਾ। ਇਸ ਦਾ ਮਤਲਬ ਹੈ ਕਿ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਅੰਤਰ ਸਿਰਫ਼ 3.6 ਡਿਗਰੀ ਰਿਹਾ। ਸਵੇਰੇ ਧੁੰਦ ਕਾਰਨ ਵਿਜ਼ੀਬਿਲਟੀ ਵੀ 50 ਮੀਟਰ ਤੋਂ ਘੱਟ ਸੀ।