ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ਸਮੇਤ ਦਿੱਲੀ-ਐੱਨਸੀਆਰ ਤੇ ਵੱਖ-ਵੱਖ ਸ਼ਹਿਰਾਂ 'ਚ ਇਕ ਵਾਰ ਫਿਰ ਤੋਂ ਤੇਜ਼ ਬਾਰਿਸ਼ ਅਤੇ ਤੇਜ਼ ਹਨੇਰੀ ਨੇ ਮੌਸਮ ਸੁਹਾਵਣਾ ਬਣਾ ਦਿੱਤਾ ਹੈ। ਮਈ ਦਾ ਮਹੀਨਾ ਖਤਮ ਹੋ ਗਿਆ ਹੈ ਅਤੇ ਲੋਕਾਂ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਮਈ ਮਹੀਨੇ ਵਿਚ ਪੈ ਰਹੀ ਕੜਾਕੇ ਦੀ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਵੀ ਮੀਂਹ ਅਤੇ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੈ। ਦਿੱਲੀ 'ਚ ਮੰਗਲਵਾਰ ਸ਼ਾਮ ਨੂੰ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਤੂਫਾਨ ਆਇਆ। ਇਸ ਤੋਂ ਬਾਅਦ ਮੀਂਹ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ।
ਪੰਜਾਬ ਵਿੱਚ ਮੌਸਮ ਦਾ ਹਾਲ :ਪੰਜਾਬ ਵਿੱਚ ਮੰਗਲਵਾਰ ਨੂੰ ਦਿਨ ਭਰ ਬੱਦਲ ਛਾਏ ਰਹੇ ਅਤੇ ਠੰਢੀਆਂ ਹਵਾਵਾਂ ਚੱਲਦੀਆਂ ਰਹੀਆਂ। ਫਤਿਹਗੜ੍ਹ ਸਾਹਿਬ 'ਚ 24 ਘੰਟਿਆਂ 'ਚ 61.5 ਮਿਲੀਮੀਟਰ ਮੀਂਹ ਪਿਆ, ਜਦਕਿ ਚੰਡੀਗੜ੍ਹ 'ਚ 36.5 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ ਪੱਛਮੀ ਬੰਗਾਲ ਦੀ ਖਾੜੀ 'ਚ ਮਾਨਸੂਨ ਅੱਗੇ ਵਧਿਆ ਹੈ। ਅਗਲੇ 2-3 ਦਿਨਾਂ ਵਿੱਚ ਇਸ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਬੁੱਧਵਾਰ ਨੂੰ ਵੀ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬਰਸਾਤ ਦਾ ਅਲਰਟ ਹੈ।
ਉੱਤਰੀ ਮੈਦਾਨੀ ਇਲਾਕਿਆਂ ਵਿੱਚ ਤੂਫ਼ਾਨ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ :ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਸਮੇਤ ਉੱਤਰੀ ਮੈਦਾਨੀ ਇਲਾਕਿਆਂ ਵਿੱਚ ਤੂਫ਼ਾਨ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੇਰ ਰਾਤ ਹੋਈ ਬਾਰਿਸ਼ ਤੋਂ ਬਾਅਦ ਦਿੱਲੀ ਦੇ ਕਈ ਇਲਾਕਿਆਂ 'ਚ ਪਾਣੀ ਭਰਨ ਦੀ ਸਮੱਸਿਆ ਵੀ ਦੇਖਣ ਨੂੰ ਮਿਲੀ। ਇਸ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੁੱਧਵਾਰ ਲਈ 'ਯੈਲੋ' ਅਲਰਟ ਜਾਰੀ :ਇਸ ਦੇ ਨਾਲ ਹੀ ਤੇਜ਼ ਤੂਫਾਨ ਅਤੇ ਮੀਂਹ ਕਾਰਨ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਇਸ ਕਾਰਨ ਜਹਾਜ਼ਾਂ ਦਾ ਰੂਟ ਬਦਲਣਾ ਪਿਆ। ਦਿੱਲੀ ਏਅਰਪੋਰਟ 'ਤੇ ਖਰਾਬ ਮੌਸਮ ਕਾਰਨ ਦਿੱਲੀ ਆਉਣ ਵਾਲੀਆਂ 10 ਫਲਾਈਟਾਂ ਨੂੰ ਸ਼ਾਮ 6:25 ਤੋਂ ਰਾਤ 8 ਵਜੇ ਤੱਕ ਡਾਇਵਰਟ ਕੀਤਾ ਗਿਆ। ਇਨ੍ਹਾਂ ਵਿੱਚੋਂ 9 ਜਹਾਜ਼ ਜੈਪੁਰ ਤੋਂ ਅਤੇ ਇੱਕ ਲਖਨਊ ਤੋਂ ਦਿੱਲੀ ਆ ਰਿਹਾ ਸੀ। IMD ਨੇ ਅੱਜ ਬੁੱਧਵਾਰ ਲਈ 'ਯੈਲੋ' ਅਲਰਟ ਜਾਰੀ ਕੀਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਬੁੱਧਵਾਰ ਨੂੰ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਮਈ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 39.5 ਸੀ, ਪਰ ਇਸ ਵਾਰ ਮੀਂਹ ਅਤੇ ਹਵਾਵਾਂ ਕਾਰਨ ਮੌਸਮ ਠੰਢਾ ਰਿਹਾ ਹੈ ਅਤੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਦਿੱਲੀ ਦੇ ਮੌਸਮ ਵਿਗਿਆਨ ਕੇਂਦਰ ਸਫਦਰਜੰਗ ਆਬਜ਼ਰਵੇਟਰੀ ਨੇ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35.9 ਡਿਗਰੀ ਸੈਲਸੀਅਸ ਦਰਜ ਕੀਤਾ, ਜੋ ਆਮ ਨਾਲੋਂ ਪੰਜ ਡਿਗਰੀ ਘੱਟ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਅਤੇ ਮੀਂਹ ਪਿਆ। ਮੀਂਹ ਕਾਰਨ ਕਈ ਇਲਾਕਿਆਂ ਅਤੇ ਸੜਕਾਂ 'ਤੇ ਪਾਣੀ ਭਰ ਗਿਆ। ਇਸ ਕਾਰਨ ਕਈ ਥਾਵਾਂ ’ਤੇ ਜਾਮ ਦੀ ਸਮੱਸਿਆ ਦੇਖਣ ਨੂੰ ਮਿਲੀ। ਦਿੱਲੀ-ਐਨਸੀਆਰ 'ਚ ਮੌਸਮ ਦੇ ਬਦਲਣ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ ਹੇਠਾਂ ਆਇਆ ਹੈ। ਮੀਂਹ ਕਾਰਨ ਕਈ ਇਲਾਕਿਆਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਮੱਧਮ ਸੀਮਾ 'ਤੇ ਪਹੁੰਚ ਗਿਆ ਹੈ। ਇਸ ਨਾਲ ਦਿੱਲੀ-ਐਨਸੀਆਰ ਦੀ ਹਵਾ ਸਾਫ਼ ਹੋ ਗਈ ਹੈ।