ਚੰਡੀਗੜ੍ਹ: ਉੱਤਰ ਭਾਰਤ ਵਿੱਚ ਇਸ ਸਮੇਂ ਸਰਦੀਆਂ ਦਾ ਮੌਸਮ ਸਿਖ਼ਰ ਉੱਤੇ ਚੱਲ ਰਿਹਾ ਹੈ। ਹੱਡ ਚੀਰਵੀਂ ਠੰਢ ਨੇ ਮਨੁੱਖਾਂ, ਜਾਨਵਰਾਂ ਤੋਂ ਇਲਾਵਾ ਪੰਛੀਆਂ ਦਾ ਜੀਵਨ ਵੀ ਪ੍ਰਭਾਵਿਤ ਕੀਤਾ ਹੋਇਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਤੇ ਤੇਜ਼ ਹਵਾਵਾਂ ਨੇ ਠੰਢ ਹੋਰ ਵਧਾ ਦਿੱਤੀ ਹੈ। ਧੁੰਦ ਨੂੰ ਲੈ ਕੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਜਾਰੀ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਠੰਢ ਨੇ ਬੀਤੇ 11 ਸਾਲ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਦਿਨ ਦਾ ਤਾਪਮਾਨ 8-10 ਡਿਗਰੀ ਤੋਂ ਵੀ ਹੇਠਾਂ ਪਹੁੰਚ ਚੁੱਕਾ ਹੈ ਜਦੋਂ ਕਿ ਪਿਛਲੇ ਸਾਲਾਂ ਦੌਰਾਨ ਦਿਨ ਸਮੇਂ ਤਾਪਮਾਨ ਹਮੇਸ਼ਾ ਹੀ 10 ਡਿਗਰੀ ਤੋਂ ਉੱਪਰ ਰਹਿੰਦਾ ਸੀ।
ਪੰਜਾਬ 'ਚ ਮੌਸਮ ਵਿਭਾਗ ਦਾ ਅਲਰਟ:ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੌਸਮ ਜ਼ਿਆਦਾ ਖ਼ਰਾਬ ਰਹੇਗਾ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਕਪੂਰਥਲਾ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਲੁਧਿਆਣਾ, ਮਾਨਸਾ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਪਟਿਆਲਾ ਵਿੱਚ ਬਹੁਤ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਅੱਜ ਵਿਜ਼ੀਬਿਲਟੀ 50 ਮੀਟਰ ਦੇ ਕਰੀਬ ਰਹਿਣ ਦੀ ਉਮੀਦ ਹੈ। ਪੰਜਾਬ ਵਿੱਚ ਆਉਂਦੇ ਦੋ ਦਿਨਾਂ ਦਰਮਿਆਨ ਸਖ਼ਤ ਠੰਢ ਪੈਣ ਦੀ ਸੰਭਾਵਨਾ ਹੈ।
ਗੁਆਂਢੀ ਸੂਬਿਆਂ 'ਚ ਵੀ ਮੌਸਮ ਬੇਹਾਲ: ਇਸ ਤੋਂ ਇਲਾਵਾ ਦਿੱਲੀ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ 'ਚ ਵੀ ਧੁੰਦ ਨੂੰ ਲੈਕੇ ਕੁਝ ਅਜਿਹੇ ਹੀ ਅਸਾਰ ਨਜ਼ਰ ਆ ਰਹੇ ਹਨ। ਠੰਢ ਨਾਲ ਸਿਰਫ ਪੰਜਾਬ ਹੀ ਨਹੀਂ ਸਗੋਂ ਗੁਆਂਢੀ ਸੂਬੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਨ੍ਹਾਂ ਇਲਾਕਿਆਂ ਵਿੱਚ ਪਿਛਲੇ ਲਗਭਗ ਇੱਕ ਹਫਤੇ ਤੋਂ ਲੋਕ ਸੂਰਜ ਦੇ ਦਰਸ਼ਣਾਂ ਲਈ ਤਰਸ ਰਹੇ ਹਨ। ਸੰਘਣੀ ਧੁੰਦ ਅਤੇ ਹੱਡ ਚੀਰਵੀਂ ਠੰਢ ਤੋਂ ਬਚਣ ਲਈ ਲੋਕ ਸੜਕ ਕਿਨਾਰੇ ਅੱਗ ਸੇਕਦੇ ਆਮ ਨਜ਼ਰ ਆ ਰਹੇ ਹਨ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਵਿੱਚ ਠੰਢ ਤੋਂ ਰਾਹਤ ਨਹੀਂ ਮਿਲ ਰਹੀ। ਵੈਸਟਰਨ ਡਿਸਟਰਬੈਂਸ ਘੱਟ ਹੋਣ ਤੋਂ ਬਾਅਦ ਹੁਣ ਸੁੱਕੀ ਠੰਡ ਲੋਕਾਂ ਨੂੰ ਪਰੇਸ਼ਾਨ ਕਰੇਗੀ।