ਚੰਡੀਗੜ੍ਹ :ਕੋਰੋਨਾ ਵਾਇਰਸ ਤੋਂ ਪੀੜਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਦੀਆਂ ਗਿਣਤੀ 120 ਪਾਰ ਹੋ ਗਈ ਹੈ ਅਤੇ 10 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਨੇ ਪੰਜਾਬ 'ਚ ਹੁਣ ਘਰੋਂ ਬਾਹਰ ਨਿਕਲਣ 'ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਸਿਹਤ ਵਿਭਾਗ ਨੂੰ ਐਡਵਾਇਜ਼ਰੀ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਜਨਤਾ ਨੂੰ ਬੇਨਤੀ ਕੀਤੀ ਕਿ ਲੋਕ ਕੱਪੜੇ ਨਾਲ ਬਣੇ ਮਾਸਕ ਵੀ ਪਹਿਨ ਸਕਦੇ ਹਨ। ਲੋਕ ਆਪਣੇ ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਤੇ ਡਿਟਰਜੈਂਟ ਨਾਲ ਧੋਣ ਤੇ ਜਦੋਂ ਵੀ ਘਰੋਂ ਬਾਹਰ ਨਿਕਲਣ, ਮਾਸਕ ਪਹਿਨਕੇ ਨਿਕਲਣ। ਇਸੇ ਰਾਹੀਂ ਹੀ ਅਸੀ ਸਭ ਮਿਲ ਕੇ ਆਪਣੀ ਸੁਰੱਖਿਆ ਤੇ ਸਫ਼ਾਈ ਨੂੰ ਪੁਖਤਾ ਕਰ ਕੇ ਕੋਵਿਡ-19 ਤੋਂ ਬਚਾਅ ਕਰ ਸਕਦੇ ਹਾਂ।
ਪੰਜਾਬ ਸਰਕਾਰ ਨੇ ਵੀਰਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਜੇਕਰ ਕੋਈ ਵੀ ਵਿਅਕਤੀ ਘਰੋਂ ਬਾਹਰ ਬਿਨ੍ਹਾਂ ਮਾਸਕ ਪਹਿਨੇ ਨਿਕਲਦਾ ਹੈ, ਤਾਂ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਅਤੇ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। ਪ੍ਰਸ਼ਾਸਨ ਨੇ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਦੇ ਹੁਕਮ ਦਿੱਤੇ ਹਨ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਵਿਸ਼ਵ ਮਹਾਂਮਾਰੀ ਐਲਾਨਿਆ ਹੋਇਆ ਹੈ। ਭਾਰਤ ਸਰਕਾਰ ਨੇ 25 ਮਾਰਚ ਤੋਂ 14 ਅਪ੍ਰੈਲ ਅੱਧੀ ਰਾਤ ਤੱਕ ਲਾਕਡਾਊਨ ਦਾ ਐਲਾਨ ਕੀਤਾ ਹੈ। ਵੱਖ-ਵੱਖ ਤਰ੍ਹਾਂ ਦੀ ਸਟੱਡੀ 'ਚ ਸਾਹਮਣੇ ਆਇਆ ਹੈ ਕਿ ਚਿਹਰੇ ਦਾ ਮਾਸਕ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਕਾਫ਼ੀ ਘੱਟ ਕਰ ਦਿੰਦਾ ਹੈ। ਸੋਸ਼ਲ ਡਿਸਟੈਂਸਿੰਗ ਤੋਂ ਇਲਾਵਾ ਕੋਰੋਨਾ ਨੂੰ ਰੋਕਣ 'ਚ ਇਹ ਕਾਫ਼ੀ ਮੱਦਦਗਾਰ ਸਾਬਤ ਹੁੰਦਾ ਹੈ। ਇਸ ਲਈ ਪ੍ਰਸ਼ਾਸਨ ਨੇ ਫ਼ੈਸਲਾ ਲਿਆ ਹੈ ਕਿ ਸ਼ਹਿਰ ਦੇ ਹਰ ਇਕ ਵਿਅਕਤੀ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਪ੍ਰਸ਼ਾਸਨ ਨੇ ਡਿਜ਼ਾਸਟਰ ਮੈਨੇਜਮੈਂਟ ਐਕਟ-2005 ਦੀ ਧਾਰਾ-22 ਤਹਿਤ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਵੀ ਹਸਪਤਾਲ, ਸੜਕ, ਦਫ਼ਤਰ, ਮਾਰਕਿਟ ਆਦਿ ਜਾਣ 'ਤੇ ਥ੍ਰੀ ਪਲਾਈ ਮਾਸਕ ਪਹਿਨਣਾ ਲਾਜ਼ਮੀ ਹੈ। ਕੋਈ ਵੀ ਵਿਅਕਤੀ ਜੇਕਰ ਪੈਦਲ ਜਾਂ ਗੱਡੀ ਅੰਦਰ ਵੀ ਸਫ਼ਰ ਕਰ ਰਿਹਾ ਹੈ ਤਾਂ ਉਸ ਨੂੰ ਵੀ ਮਾਸਕ ਪਹਿਨਣਾ ਪਵੇਗਾ। ਇਸ ਤੋਂ ਇਲਾਵਾ ਕਿਸੇ ਵੀ ਦਫ਼ਤਰ ਜਾਂ ਹੋਰ ਸਥਾਨਾਂ 'ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਵੀ ਮਾਸਕ ਪਹਿਨਣਾ ਜ਼ਰੂਰੀ ਹੈ। ਕੋਈ ਵੀ ਬੈਠਕ ਚਾਹੇ ਉਹ ਸਰਕਾਰੀ ਹੋ ਜਾਂ ਗੈਰ-ਸਰਕਾਰੀ ਮਾਸਕ ਦੇ ਬਿਨ੍ਹਾਂ ਨਹੀਂ ਹੋ ਸਕਦੀ। ਇਹ ਮਾਸਕ ਕਿਸੇ ਵੀ ਕੈਮਿਸਟ ਸ਼ਾਪ ਜਾਂ ਘਰੋਂ ਬਣਾਏ ਵੀ ਹੋ ਸਕਦੇ ਹਨ।