ਚੰਡੀਗੜ: ਮੁੱਖ ਮੰਤਰੀ ਲੁਧਿਆਣਾ, ਐਸ.ਏ.ਐਸ.ਨਗਰ (ਮੁਹਾਲੀ), ਜਲੰਧਰ, ਬਠਿੰਡਾ, ਪਟਿਆਲਾ ਅਤੇ ਅੰਮ੍ਰਿਤਸਰ ਸਮੇਤ 6 ਜ਼ਿਲ੍ਹਿਆਂ ਦੀ ਵਰਚੁਅਲ ਕੋਵਿਡ ਐਮਰਜੈਂਸੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬਾਹਰੋਂ ਆਉਣ ਵਾਲੇ ਮਰੀਜ਼ਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਹਸਪਤਾਲਾਂ ਵਿੱਚ ਜਗ੍ਹਾਂ ਨਾ ਮਿਲਣ 'ਤੇ ਚਿੰਤਾ ਜ਼ਾਹਰ ਕੀਤੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਕਸੀਜਨ ਦੀ ਕਮੀ ਦੇ ਬਾਵਜੂਦ ਹਰਿਆਣੇ ਅਤੇ ਦਿੱਲੀ ਵਰਗੇ ਹੋਰ ਰਾਜਾਂ ਤੋਂ ਪੰਜਾਬ ਵਿੱਚ ਇਲਾਜ ਵਾਸਤੇ ਆਉਣ ਵਾਲੇ ਕਿਸੇ ਵੀ ਮਰੀਜ਼ ਦੀ ਦੇਖਭਾਲ ਤੋਂ ਇਨਕਾਰ ਕਰਨ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ, ''ਸਾਨੂੰ ਕਿਸੇ ਵੀ ਮਰੀਜ਼ ਨੂੰ ਇਲਾਜ ਵਾਸਤੇ ਨਾਂਹ ਨਹੀਂ ਕਰਨੀ ਚਾਹੀਦੀ।'' ਉਨ੍ਹਾਂ ਅੱਗੇ ਕਿਹਾ ''ਅਸੀਂ ਕਦੇ ਵੀ ਕਿਸੇ ਮਰੀਜ਼ ਲਈ ਆਪਣੇ ਬੂਹੇ ਬੰਦ ਨਹੀਂ ਕਰਾਂਗੇ।'' ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਉਹ (ਦੂਜੇ ਰਾਜਾਂ ਤੋਂ ਆਉਣ ਵਾਲੇ ਮਰੀਜ਼) ਸਾਡੇ ਲੋਕ ਹਨ ਕਿਉਂਕਿ ਸਾਡਾ ਇੱਕੋ ਮੁਲਕ ਹੈ ਅਤੇ ਪੰਜਾਬ ਵਿੱਚ ਇਲਾਜ ਲਈ ਆਉਣ ਵਾਸਤੇ ਉਨ੍ਹਾਂ ਦਾ ਸਵਾਗਤ ਹੈ ਅਤੇ ਅਸੀਂ ਉਨ੍ਹਾਂ ਨੂੰ ਆਪਣੇ ਲੋਕ ਸਮਝ ਕੇ ਦੇਖ-ਭਾਲ ਕਰਾਂਗੇ। ਅਨੁਮਾਨਾਂ ਮੁਤਾਬਕ ਇਸ ਸਮੇਂ ਪੰਜਾਬ ਵਿੱਚ ਇੱਕ ਚੌਥਾਈ ਬਿਸਤਰਿਆਂ 'ਤੇ ਸੂਬੇ ਤੋਂ ਬਾਹਰਲੇ ਮਰੀਜ਼ਾਂ ਨੂੰ ਰੱਖਿਆ ਗਿਆ ਹੈ।
ਆਕਸੀਜਨ ਸਪਲਾਈ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਵਾਧੂ ਆਕਸੀਜਨ ਅਲਾਟਮੈਂਟ ਲਈ ਗੱਲ ਕੀਤੀ ਹੈ। ਕੇਂਦਰ ਤੋਂ ਹੋਰ ਆਕਸੀਜਨ ਟੈਂਕਰਾਂ ਦੀ ਮੰਗ ਵੀ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਭਾਰਤ ਸਰਕਾਰ ਨਾਲ ਆਵਾਜਾਈ ਲਈ ਟੈਂਕਰਾਂ ਦੀ ਅਲਾਟਮੈਂਟ ਦਾ ਮੁੱਦਾ ਚੁੱਕਿਆ ਹੈ ਤਾਂ ਜੋ ਪੰਜਾਬ ਨੂੰ ਪੂਰਬੀ ਖਿੱਤੇ ਤੋਂ ਇਸ ਦੀ ਆਕਸੀਜਨ ਵੰਡ ਦਾ ਲਾਭ ਮਿਲ ਸਕੇ।
ਉਨ੍ਹਾਂ ਕਿਹਾ ਕਿ ਉਹ ਆਕਸੀਜਨ ਦੀ ਢੁੱਕਵੀਂ ਮਾਤਰਾ ਅਤੇ ਇਸ ਦੀ ਸਪਲਾਈ ਨੂੰ ਨਿਯਮਤ ਕਰਨ ਲਈ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ। ਉਮੀਦ ਹੈ ਕਿ ਸਥਿਤੀ ਵਿਚ ਸੁਧਾਰ ਹੋਵੇਗਾ। ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਵੱਲੋਂ ਅੰਮ੍ਰਿਤਸਰ ਵਰਗੇ ਜ਼ਿਲ੍ਹਿਆਂ ਵਿਚ ਜਿਥੇ ਇਸ ਦਾ ਪ੍ਰਬੰਧ ਕਰਨਾ ਹਰ ਰੋਜ਼ ਚੁਣੌਤੀ ਬਣ ਰਿਹਾ ਹੈ। ਆਕਸੀਜਨ ਸਪਲਾਈ ਵਧਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਸੂਬਾ ਸਰਕਾਰ ਬਹੁਤ ਸੀਮਤ ਵੰਡ ਨਾਲ ਕੰਮ ਕਰ ਰਹੀ ਹੈ।
ਆਕਸੀਜਨ ਦੀ ਕਾਲਾਬਜ਼ਾਰੀ ਅਤੇ ਜ਼ਮ੍ਹਾਖੋਰੀ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ
ਸੂਬੇ ਵਿੱਚ ਆਕਸੀਜਨ ਦੀ ਨਿਰੰਤਰ ਕਮੀ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਕਸੀਜਨ ਸਿਲੰਡਰਾਂ ਦੀ ਕਾਲਾਬਜ਼ਾਰੀ, ਜਮ੍ਹਾਂਖੋਰੀ ਜਾਂ ਨਿੱਜੀ ਮੁਨਾਫ਼ਾ ਕਮਾਉਣ ਜਾਂ ਸੂਬੇ ਤੋਂ ਬਾਹਰ ਇਸ ਦੀ ਤਸਕਰੀ ਦੀ ਕਿਸੇ ਵੀ ਕਾਰਵਾਈ ਖਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਖ਼ਾਸ ਕਰ ਜਦੋਂ ਪੰਜਾਬ ਵਿੱਚ ਆਕਸੀਜਨ ਦੀ ਵੰਡ ਖੁਦ ਪੂਰੀ ਨਹੀਂ ਪੈ ਰਹੀ ਹੈ।ਸੰਕਟ ਦੀ ਇਸ ਘੜੀ ਵਿੱਚ ਸਹਿਯੋਗ ਕਰ ਰਹੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਬੈੱਡਾਂ ਦੀ ਗਿਣਤੀ ਵਧਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਵੱਲੋਂ ਇਨ੍ਹਾਂ ਹਸਪਤਾਲਾਂ ਨੂੰ ਲੋੜੀਂਦੀ ਆਕਸੀਜਨ ਸਪਲਾਈ ਕੀਤੀ ਜਾਵੇਗੀ ਅਤੇ ਆਕਸੀਜਨ ਦੀ ਘਾਟ ਕਰਕੇ ਕੋਈ ਵੀ ਦੁਰਘਟਨਾ ਵਾਪਰਨ 'ਤੇ ਉਨ੍ਹਾਂ ਖਿਲਾਫ਼ ਦੰਡਾਤਮਕ ਕਾਰਵਾਈ ਨਹੀਂ ਕੀਤੀ ਜਾਵੇਗੀ।
ਇਹ ਵੀ ਪੜੋ:ਪੰਜਾਬ ਸਰਕਾਰ ਨੇ ਠੀਕ ਹੋ ਚੁੱਕੇ ਲੋਕਾਂ ਤੋਂ ਵਾਪਿਸ ਮੰਗੇ ਆਕਸੀਮੀਟਰ
ਮੁੱਖ ਮੰਤਰੀ ਨੇ ਉਦਯੋਗ ਅਤੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਇੱਕ ਸਪਲਾਈ ਯੋਜਨਾ ਤਿਆਰ ਕੀਤੀ ਜਾਵੇ ਤਾਂ ਜੋ ਸਾਰੇ ਜ਼ਿਲ੍ਹਿਆਂ ਵਿੱਚ ਆਕਸੀਜਨ ਦੀ ਢੁੱਕਵੀਂ ਮਾਤਰਾ ਨੂੰ ਯਕੀਨੀ ਬਣਾਇਆ ਜਾ ਸਕੇ। ਕਿਸੇ ਵੀ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਆਕਸੀਜਨ ਸਿਲੰਡਰ ਸਮੇਂ ਸਿਰ ਇਕੱਤਰ ਕਰਕੇ ਦੁਬਾਰਾ ਭਰਵਾਏ ਜਾਣ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਵਰਤੋਂ ਸਿਰਫ਼ ਮੈਡੀਕਲ ਉਦੇਸ਼ਾਂ ਲਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਜ਼ਿਲ੍ਹਿਆਂ ਦੀ ਸਥਿਤੀ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਪਿਛਲੇ ਸਮਿਆਂ ਵਿੱਚ ਕੀਤੇ ਠੇਕਿਆਂ ਕਾਰਨ ਜੇਕਰ ਕਿਸੇ ਵੀ ਕਿਸਮ ਦੀ ਸਮੱਸਿਆ ਹੈ ਤਾਂ ਆਫ਼ਤ ਪ੍ਰਬੰਧਨ ਐਕਟ ਅਧੀਨ ਲੋੜੀਂਦੇ ਆਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ।
ਆਕਸੀਜਨ ਸਿਲੰਡਰ ਦੀ ਘਾਟ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਨੇ ਖਰੀਦ ਸ਼ੁਰੂ ਕਰ ਦਿੱਤੀ ਹੈ। ਮਈ ਵਿਚ ਸਿਰਫ 1000 ਸਿਲੰਡਰ ਸਪਲਾਈ ਹੋਣ ਦੀ ਸੰਭਾਵਨਾ ਹੈ। ਇਸ ਲਈ ਕੁਝ ਅੰਤਿਮ ਉਪਾਅ ਕਰਨੇ ਜ਼ਰੂਰੀ ਹਨ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਿਸ ਉਦਯੋਗ ਕੋਲ ਸਿਲੰਡਰ ਉਪਲਬਧ ਹੋਣ, ਉਸ ਕੋਲੋਂ ਉਧਾਰ ਲੈਣ ਸਬੰਧੀ ਪ੍ਰਣਾਲੀ 'ਤੇ ਜੰਗੀ ਪੱਧਰ 'ਤੇ ਕੰਮ ਕਰਨ।
ਪੁਰਾਣੇ ਆਕਸੀਜਨ ਪਲਾਂਟਾਂ ਨੂੰ ਦੁਬਾਰਾ ਚਲਾਉਣ ਲਈ ਉਦਯੋਗ ਵਿਭਾਗ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸੂਬਾ ਜਲਦ ਹੀ ਲਗਭਗ 200 ਹੋਰ ਆਕਸੀਜਨ ਕੰਸਨਟ੍ਰੇਟਰ ਹਾਸਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਆਯਾਤ ਕੀਤੇ ਜਾ ਰਹੇ 1 ਲੱਖ ਵਿੱਚੋਂ 3500 ਕੰਸਨਟ੍ਰੇਟਰ ਅਲਾਟ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਕਸੀਜਨ ਦੀ ਸਹੀ ਵਰਤੋਂ ਅਤੇ ਨਿਯਮਤ ਆਕਸੀਜਨ ਆਡਿਟ ਲਈ ਸਰਬੋਤਮ ਕੋਸ਼ਿਸ਼ਾਂ ਦੀ ਮੰਗ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਰੈਮੇਡਿਸਵਿਰ ਅਤੇ ਟੋਸੀ ਹੁਣ ਕੁਝ ਮਾਤਰਾ ਵਿੱਚ ਉਪਲੱਬਧ ਹਨ। ਉਨ੍ਹਾਂ ਉਮੀਦ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਅਲਾਟਮੈਂਟ ਵਧਾਉਣ ਦੀਆਂ ਸਾਡੀਆਂ ਬੇਨਤੀਆਂ ਦਾ ਜਵਾਬ ਦੇਵੇਗਾ।
ਮੈਡੀਕਲ ਸਿੱਖਿਆ ਦੇ ਸਕੱਤਰ ਡੀ.ਕੇ. ਤਿਵਾੜੀ ਨੇ ਕਿਹਾ ਕਿ ਬੁਨਿਆਦੀ ਢਾਂਚਾ ਅਤੇ ਆਈਸੀਯੂ ਬੈੱਡਾਂ ਦੀ ਗਿਣਤੀ ਵਧਾਈ ਗਈ ਹੈ ਪਰ ਵਰਤੋਂ ਅਧੀਨ ਗਿਣਤੀ ਕਾਫ਼ੀ ਜ਼ਿਆਦਾ ਹੈ ਅਤੇ ਮੁੱਖ ਚੁਣੌਤੀ ਆਕਸੀਜਨ ਸਪਲਾਈ ਲਾਈਨ ਨੂੰ ਬਰਕਰਾਰ ਰੱਖਣਾ ਹੈ। ਉਨ੍ਹਾਂ ਤਿੰਨੇਂ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਇਕ-ਇਕ ਵਾਧੂ ਟੈਂਕਰ ਸਥਾਪਤ ਕਰਨ ਦਾ ਸੁਝਾਅ ਦਿੱਤਾ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਆਕਸੀਜਨ ਟੈਂਕਰਾਂ ਦੀ ਨਿਰਵਿਘਨ ਆਵਾਜਾਈ ਪ੍ਰਬੰਧਨ ਲਈ ਪੰਜਾਬ ਪੁਲਿਸ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਮੁੱਢਲੇ ਸਥਾਨਾਂ (ਪਾਣੀਪਤ, ਰੁੜਕੀ, ਬੱਦੀ) ਅਤੇ ਕੰਟਰੋਲ ਰੂਮ ਵਿਖੇ ਤਾਇਨਾਤ ਕੀਤਾ ਗਿਆ ਹੈ ਅਤੇ ਟੈਂਕਰਾਂ ਨੂੰ ਲਿਜਾਣ ਲਈ ਪੁਲਿਸ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਸਬੰਧੀ ਉਲੰਘਣਾ ਦੇ ਮੱਦੇਨਜ਼ਰ 23 ਅਪਰੈਲ ਤੋਂ ਹੁਣ ਤੱਕ ਇਨ੍ਹਾਂ ਛੇ ਜ਼ਿਲ੍ਹਿਆਂ ਵਿੱਚ 1200 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 1300 ਗ੍ਰਿਫਤਾਰੀਆਂ ਹੋਈਆਂ ਹਨ ਜਿਸ ਵਿੱਚ ਇਸ ਸਮੇਂ ਦੌਰਾਨ ਇੱਕ ਕਰੋੜ ਰੁਪਏ ਜੁਰਮਾਨੇ ਵਜੋ ਵਸੂਲੇ ਗਏ ਹਨ।