ਚੰਡੀਗੜ੍ਹ:ਸ਼੍ਰਿਸ਼ਟੀ ਦੇ ਰਚਣਹਾਰ ਭਗਵਾਨ ਵਿਸ਼ਵਕਰਮਾ ਦੀ ਪੂਜਾ ਦੀਵਾਲੀ ਤੋਂ ਦੂਜੇ ਦਿਨ ਕੀਤੀ ਜਾਂਦੀ ਹੈ। ਇਸ ਦਿਨ ਨੂੰ ਹਰ ਵੱਡੇ ਵਪਾਰੀ ਤੋਂ ਲੈ ਕੇ ਛੋਟਾ ਮਜ਼ਦੂਰ ਜ਼ਰੂਰ ਮਨਾਉਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਵਿਸ਼ਵਕਰਮਾ ਨੇ ਬ੍ਰਹਿਮੰਡ ਦੇ ਨਿਰਮਾਤਾ ਬ੍ਰਹਮਾ ਜੀ ਦੇ ਸੱਤਵੇਂ ਪੁੱਤਰ ਵਜੋਂ ਜਨਮ ਲਿਆ ਸੀ। ਭਗਵਾਨ ਵਿਸ਼ਵਕਰਮਾ ਦਾ ਜ਼ਿਕਰ 12 ਆਦਿਤਿਆ ਅਤੇ ਰਿਗਵੇਦ ਵਿੱਚ ਮਿਲਦਾ ਹੈ। ਇਹ ਤਿਉਹਾਰ ਹਿੰਦੂਆਂ ਲਈ ਬਹੁਤ ਮਹੱਤਵਪੂਰਨ ਹੈ। ਇਸ ਦਿਨ ਲੋਕ ਆਪਣੀਆਂ ਫੈਕਟਰੀਆਂ ਵਿੱਚ ਮੌਜੂਦ ਸੰਦਾਂ ਅਤੇ ਵਾਹਨਾਂ ਦੀ ਪੂਜਾ ਕਰਦੇ ਹਨ।
ਸੀਐਮ ਮਾਨ ਨੇ ਕੀਤੀ ਇਹ ਅਰਦਾਸ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਵਾਨ ਵਿਸ਼ਵਕਰਮਾ ਦਿਵਸ ਮੌਕੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਟਵੀਟ ਕਰਦਿਆ ਹੱਥੀਂ ਕਿਰਤ ਕਰਦਿਆਂ ਕਾਮਿਆਂ ਲਈ ਤਰੱਕੀ ਤੇ ਤੰਦਰੁਸਤੀ ਦੀ ਅਰਦਾਸ ਕੀਤੀ।
ਕਿਰਤ ਦੇ ਦੇਵਤੇ ਭਗਵਾਨ ਵਿਸ਼ਵਕਰਮਾ ਜੀ, ਵਿਸ਼ਵਕਰਮਾ ਦਿਵਸ ਮੌਕੇ ਹੱਥੀਂ ਕਿਰਤ ਕਰਨ ਵਾਲੇ ਸਾਰੇ ਕਾਮਿਆਂ ਨੂੰ ਬਹੁਤ ਬਹੁਤ ਵਧਾਈਆਂ। ਪ੍ਰਮਾਤਮਾ ਅੱਗੇ ਅਰਦਾਸ ਤੁਹਾਡੀਆਂ ਕਮਾਈਆਂ ‘ਚ ਵਾਧਾ ਹੋਵੇ। ਤੰਦਰੁਸਤੀਆਂ ਤਰੱਕੀਆਂ ਬਣੀਆਂ ਰਹਿਣ। ਔਜ਼ਾਰਾਂ ‘ਤੇ ਹੱਥਾਂ ਦੀ ਪਕੜ ਹੋਰ ਮਜ਼ਬੂਤ ਹੋਵੇ। ਸਾਰਿਆਂ ਨੂੰ ਵਿਸ਼ੇਸ਼ ਦਿਨ ਦੀਆਂ ਬਹੁਤ ਬਹੁਤ ਵਧਾਈਆਂ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਸਿੱਖਿਆ ਮੰਤਰੀ ਦਾ ਟਵੀਟ: ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਟਵੀਟ ਕਰਦੇ ਹੋਏ ਆਪਣੀ ਪਤਨੀ ਨਾਲ ਫੋਟੋ ਸਾਂਝੀ ਕੀਤੀ। ਜਿੱਥੇ ਉਨ੍ਹਾਂ ਨੇ ਦੀਵਾਲੀ ਦੀ ਵਧਾਈਆਂ ਦਿੱਤੀਆਂ, ਉੱਥੇ ਹੀ, ਹਰਜੋਤ ਬੈਂਸ ਨੇ ਵਿਸ਼ਵਕਰਮਾ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ ਦਿੱਤੀਆਂ।
ਬੀਬੀ ਬਾਦਲ ਨੇ ਟਵੀਟ ਕਰ ਦਿੱਤੀ ਵਧਾਈ: ਸ਼੍ਰੋਮਣੀ ਅਕਾਲੀ ਦਲ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਖਾਸ ਮੌਕੇ ਐਕਸ ਉੱਤੇ ਟਵੀਟ ਕਰਦਿਆ ਲਿਖਿਆ -'ਤਕਨੀਕ ਅਤੇ ਭਵਨ ਨਿਰਮਾਣ ਕਲਾ ਦੇ ਜਨਮ ਦਾਤਾ ਮਹਾਨ ਸ਼ਿਲਪਕਾਰ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਦੇ ਸ਼ੁਭ ਦਿਹਾੜੇ ਦੀਆਂ ਆਪ ਸਭ ਨੂੰ ਲੱਖ -ਲੱਖ ਵਧਾਈਆਂ।'
ਕਾਂਗਰਸੀ ਆਗੂ ਪ੍ਰਤਾਪ ਬਾਜਵਾ ਦਾ ਟਵੀਟ:ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਟਵੀਟ ਕਰਦਿਆ ਲਿਖਿਆ ਕਿ- 'ਭਗਵਾਨ ਵਿਸ਼ਵਕਰਮਾ ਜੋ ਸਮੁੱਚੇ ਬ੍ਰਹਿਮੰਡ ਦੇ ਰਚੇਤਾ ਅਤੇ ਸਮੂਹ ਦਸਤਕਾਰਾਂ ਤੇ ਸ਼ਿਲਪਕਾਰਾਂ ਦੇ ਰਚਨਹਾਰੇ ਹਨ, ਉਨ੍ਹਾਂ ਦੀ ਸਿਰਜਣਾ ਨੇ ਨਾ ਸਿਰਫ਼ ਭਾਰਤੀ ਦਸਤਕਾਰਾਂ ਅਤੇ ਕਾਰੀਗਰਾਂ ਨੂੰ ਪ੍ਰੇਰਿਤ ਕੀਤਾ ਸਗੋਂ ਉਨਾਂ ਵਿੱਚ ਸੱਚੀ-ਸੁੱਚੀ ਕਿਰਤ ਕਰਨ ਦੀ ਭਾਵਨਾ ਨੂੰ ਵੀ ਪੈਦਾ ਕੀਤਾ।'
ਭਾਜਪਾ ਆਗੂ ਫਤਿਹਜੰਗ ਬਾਜਵਾ ਨੇ ਕੀਤਾ ਟਵੀਟ : ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਫਤਿਹਜੰਗ ਸਿੰਘ ਬਾਜਵਾ ਨੇ ਵੀ ਐਕਸ ਉੱਤੇ ਟਵੀਟ ਕਰਦੇ ਹੋਏ ਲਿਖਿਆ- 'ਆਪ ਸਭ ਨੂੰ ਵਿਸ਼ਵਕਰਮਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ।'
ਵਿਸ਼ਵਕਰਮਾ ਪੂਜਾ ਦਾ ਮਹੱਤਵ:ਭਗਵਾਨ ਵਿਸ਼ਵਕਰਮਾ ਨੂੰ ਬ੍ਰਹਿਮੰਡ ਦਾ ਪਹਿਲਾ ਇੰਜੀਨੀਅਰ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਵਿਸ਼ਵਕਰਮਾ ਪੂਜਾ ਵਾਲੇ ਦਿਨ ਘਰਾਂ, ਦੁਕਾਨਾਂ ਜਾਂ ਫੈਕਟਰੀਆਂ ਵਿੱਚ ਲੋਹੇ, ਵਾਹਨਾਂ ਅਤੇ ਮਸ਼ੀਨਾਂ ਦੀ ਪੂਜਾ ਕੀਤੀ ਜਾਂਦੀ ਹੈ। ਭਗਵਾਨ ਵਿਸ਼ਵਕਰਮਾ ਦੀ ਮਿਹਰ ਸਦਕਾ ਇਹ ਮਸ਼ੀਨਾਂ ਖ਼ਰਾਬ ਨਹੀਂ ਹੁੰਦੀਆਂ। ਕੰਮ ਅਤੇ ਕਾਰੋਬਾਰ ਵਿੱਚ ਤਰੱਕੀ ਹੈ। ਵਿਸ਼ਵਕਰਮਾ ਪੂਜਾ ਭਾਰਤ ਦੇ ਕਈ ਹਿੱਸਿਆਂ ਵਿੱਚ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ।