ਚੰਡੀਗੜ੍ਹ:ਪੰਜਾਬ ਦੇ ਐਡਵੋਕੇਟ ਜਨਰਲ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਹੁਣ ਤੱਕ ਦੇ ਕਾਰਜ਼ਕਾਲ 'ਚ ਤੀਜੀ ਵਾਰ ਐਡਵੋਕੇਟ ਜਨਰਲ ਨੂੰ ਬਦਲਣ ਜਾ ਰਹੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਮੌਜੂਦਾ ਐਡਵੋਕੇਟ ਜਨਰਲ ਵਿਨੋਦ ਘਈ ਆਪਣਾ ਅਸਤੀਫ਼ਾ ਦੇਣਗੇ। ਜਿਸ ਤੋਂ ਬਾਅਦ ਹੁਣ ਪੰਜਾਬ ਦੇ ਐਡਵੋਕੇਟ ਜਨਰਲ ਦੀ ਇਹ ਜ਼ਿੰਮੇਵਾਰੀ ਐਡਵੋਕੇਟ ਗੁਰਿੰਦਰ ਗੈਰੀ ਨੂੰ ਮਿਲ ਸਕਦੀ ਹੈ। (Punjab News AG Appoint) (Advocate Gurinder Gary)
ਬਿਕਰਮ ਮਜੀਠੀਆ ਦਾ ਇਲਜ਼ਾਮ: ਉਧਰ ਸੂਬੇ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਬਣੇ ਕਰੀਬ ਡੇਢ ਸਾਲ ਤੋਂ ਵੱਧ ਦਾ ਸਮਾਂ ਹੀ ਹੋਇਆ ਤੇ ਤੀਜੀ ਵਾਰ ਏਜੀ ਨੂੰ ਬਦਲਣ ਕਾਰਨ ਵਿਰੋਧੀਆਂ ਵਲੋਂ ਵੀ ਸਰਕਾਰ ਦੀ ਕਾਰਗੁਜ਼ਜਾਰੀ 'ਤੇ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸ ਸਬੰਧੀ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਕਰਦਿਆਂ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਲਿਖਿਆ ਕਿ ਪੰਜਾਬ ਦੇ AG ਵਿਨੋਦ ਘਈ ਦੀ ਛੁੱਟੀ ਤੈਅ, ਡੇਢ ਸਾਲ ’ਚ ਤੀਜਾ ਏਜੀ ਲੱਗੇਗਾ, ਏਜੀ ਭਾਵੇਂ ਜਿੰਨਾ ਮਰਜ਼ੀ ਕਾਬਲ ਹੋਵੇ ਜਦੋਂ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੀ ਨਲਾਇਕ ਹੈ ਤਾਂ ਕੇਸ ਤਾਂ ……..ਪੰਜਾਬ ਤਾਂ ਪਹਿਲਾਂ ਹੀ ICU ਵਿਚ ਹੈ....AG ਵਿਚਾਰਾ ਕੀ ਕਰੂ, ਕੇਸ ਹੀ ਹਾਰੇਗਾ ?
ਸਰਕਾਰ ਬਦਲਣ ਜਾ ਰਹੀ ਤੀਜਾ ਏਜੀ:ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਹੁਣ ਤੱਕ ਤੀਜੀ ਵਾਰ ਆਪਣੀ ਸਰਕਾਰ ਦਾ ਐਡਵੋਕੇਟ ਜਨਰਲ ਬਦਲਿਆ ਜਾ ਰਿਹਾ ਹੈ, ਕਿਉਂਕਿ ਸੱਤਾ ਸੰਭਾਲਦੇ ਹੀ 'ਆਪ' ਸਰਕਾਰ ਵਲੋਂ ਅਨਮੋਲ ਰਤਨ ਸਿੱਧੂ ਨੂੰ ਏਜੀ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਅਨਮੋਲ ਰਤਨ ਸਿੱਧੂ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਏਜੀ ਦੀ ਜ਼ਿੰਮੇਵਾਰੀ ਵਿਨੋਦ ਘਈ ਨੂੰ ਦਿੱਤੀ ਗਈ ਸੀ ਪਰ ਹੁਣ ਮੁੜ ਤੋਂ ਸਰਕਾਰ ਐਡਵੋਕੇਟ ਜਨਰਲ ਬਦਲਣ ਜਾ ਰਹੀ ਹੈ, ਜਿਸ 'ਚ ਗੁਰਿੰਦਰ ਗੈਰੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। (Vinod Ghai)