ਚੰਡੀਗੜ੍ਹ:ਜਲੰਧਰ ਜ਼ਿਮਨੀ ਚੋਣ ਦੀਆਂ ਤਰੀਕਾਂ ਦਾ ਐਲਾਨ ਅਜੇ ਹੋਇਆ ਨਹੀਂ ਹੈ, ਇਸ ਤੋਂ ਪਹਿਲਾਂ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਜਲੰਧਰ ਵਿਚ ਡੇਰੇ ਲਗਾ ਲਏ ਹਨ। ਸੱਤਾ ਧਿਰ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਸਣੇ ਜਲੰਧਰ ਵਿਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਕਾਂਗਰਸ ਪਾਰਟੀ ਨੇ ਤਾਂ ਇਥੋਂ ਆਪਣੇ ਉਮੀਦਵਾਰ ਦਾ ਐਲਾਨ ਵੀ ਕਰ ਦਿੱਤਾ ਹੈ। ਉਥੇ ਹੀ ਪੰਜਾਬ ਵਿਚ ਸੱਤਾ ਹਾਸਲ ਕਰਨ ਦੇ ਸੁਪਨੇ ਲੈਣ ਵਾਲੀ ਭਾਜਪਾ ਨੇ ਜ਼ਿਮਨੀ ਚੋਣ ਅਖਾੜਾ ਮੱਲ੍ਹਣ ਦੀ ਤਿਆਰੀ ਕਰ ਲਈ ਹੈ।
ਦੋ ਦਿਨਾਂ ਦਾ ਦੌਰਾ :ਇਸੇ ਨੂੰ ਮੁੱਖ ਰੱਖਦਿਆਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੰਚਾਰਜ ਵਿਜੇ ਰੁਪਾਣੀ ਪੰਜਾਬ ਵਿੱਚ ਆਪਣੇ ਦੋ ਦਿਨਾ ਦੌਰੇ ਤਹਿਤ 28 ਮਾਰਚ 2023 ਨੂੰ ਪੰਜਾਬ ਪਹੁੰਚਣਗੇ। ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਵਿਜੇ ਰੂਪਾਨੀ ਆਪਣੇ ਦੋ ਦਿਨਾ ਪੰਜਾਬ ਦੌਰੇ ਦੇ ਪਹਿਲੇ ਦਿਨ ਜਲੰਧਰ ਆਉਣਗੇ, ਜਿੱਥੇ ਉਹ ਜਲੰਧਰ ਵਿਖੇ ਹੋਣ ਵਾਲੀ ਲੋਕ ਸਭਾ ਉਪ ਚੋਣਾਂ ਦੀਆਂ ਤਿਆਰੀਆਂ ਬਾਰੇ ਅਤੇ ਹੋਰਨਾਂ ਪ੍ਰਬੰਧਾਂ ਸਬੰਧੀ ਭਾਜਪਾ ਆਗੂਆਂ ਨਾਲ ਵੱਖ-ਵੱਖ ਜਥੇਬੰਦਕ ਮੀਟਿੰਗਾਂ ਕਰ ਵਿਚਾਰ ਵਟਾਂਦਰਾ ਕਰਨਗੇ। ਜੀਵਨ ਗੁਪਤਾ ਨੇ ਦੱਸਿਆ ਕਿ ਵਿਜੇ ਰੂਪਾਨੀ 29 ਮਾਰਚ 2023 ਨੂੰ ਭਾਜਪਾ ਦੇ ਮੁੱਖ ਦਫ਼ਤਰ ਸੈਕਟਰ 37-ਏ ਚੰਡੀਗੜ੍ਹ ਵਿਖੇ ਪਹੁੰਚਣਗੇ, ਜਿੱਥੇ ਉਹ ਸੂਬਾ ਕੋਰ ਗਰੁੱਪ ਅਤੇ ਸੂਬਾ ਅਹੁਦੇਦਾਰਾਂ ਨਾਲ ਵੱਖ-ਵੱਖ ਜਥੇਬੰਦਕ ਮੀਟਿੰਗਾਂ ਕਰਨਗੇ।