ਪੰਜਾਬ

punjab

ETV Bharat / state

ਐਕਸੀਅਨ ਪੁੱਡਾ ਦੁੱਧ ਦਾ ਬੂਥ ਚਲਾਉਣ ਬਦਲੇ 20,000 ਰੁਪਏ ਦੀ ਮਾਸਿਕ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ - ਦੁੱਧ ਦਾ ਬੂਥ ਚਲਾਉਣ ਬਦਲੇ ਮੰਗੀ ਰਿਸ਼ਵਤ

Vigilance Bureau nabs XEN PUDA: ਭ੍ਰਿਸ਼ਾਟਾਚਾਰੀ ਖਿਲਾਫ਼ ਜ਼ੀਰੋ ਟਾਲਰੈਂਸ ਨੀਤੀ ਤਹਿਤ ਵਿਜੀਲੈਂਸ ਵਿਭਾਗ ਐਕਸ਼ਨ ਮੂਡ 'ਚ ਹੈ। ਇਸ ਦੇ ਚੱਲਦਿਆਂ ਵਿਜੀਲੈਂਸ ਵਿਭਾਗ ਵਲੋਂ ਪੁੱਡਾ ਦੇ ਐਕਸੀਅਨ ਨੂੰ ਇੱਕ ਮਾਮਲੇ 'ਚ 20,000 ਰੁਪਏ ਦੀ ਮਾਸਿਕ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ।

Vigilance Bureau nabs XEN PUDA
Vigilance Bureau nabs XEN PUDA

By ETV Bharat Punjabi Team

Published : Dec 26, 2023, 8:21 PM IST

ਚੰਡੀਗੜ੍ਹ:ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੱਤਾ ਸਾਂਭਦਿਆਂ ਹੀ ਭ੍ਰਿਸ਼ਟਾਚਾਰੀ ਨੂੰ ਨੱਥ ਪਾਉਣ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਖੁਦ ਕਿਹਾ ਸੀ ਕਿ ਰਿਸ਼ਵਤਖੋਰਾਂ ਨੂੰ ਉਹ ਕਿਸੇ ਵੀ ਕੀਮਤ ਨਹੀਂ ਬਖਸ਼ਣਗੇ। ਜਿਸ ਦੇ ਚੱਲਦਿਆਂ ਵਿਜੀਲੈਂਸ ਵਿਭਾਗ ਲਗਾਤਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ। ਇਸ ਦੇ ਚੱਲਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਮੰਗਲਵਾਰ ਨੂੰ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਅੰਮ੍ਰਿਤਸਰ ਦੇ ਕਾਰਜਕਾਰੀ ਇੰਜਨੀਅਰ ਗੁਰਪ੍ਰੀਤ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।

ਸ਼ਿਕਾਇਤ ਦੇ ਅਧਾਰ 'ਤੇ ਕਾਰਵਾਈ: ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦਬੁਰਜੀ ਦੇ ਨਿਵਾਸੀ ਗੁਰਦਰਸ਼ਨ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਉੱਪਰ ਕਾਰਵਾਈ ਉਪਰੰਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚਕੇ ਦੋਸ਼ ਲਾਇਆ ਕਿ ਉਸ ਨੂੰ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਨੇੜੇ ਪੁੱਡਾ ਵੱਲੋਂ ਦੁੱਧ ਵਿੱਕਰੀ ਦਾ ਬੂਥ 2016 ਵਿੱਚ ਅਲਾਟ ਹੋਇਆ ਸੀ। ਜਦੋਂ ਉਹ ਸਾਲ 2021 ਵਿੱਚ ਕੈਨੇਡਾ ਚਲਾ ਗਿਆ ਤਾਂ ਉਸਦੇ ਪਿਤਾ ਵੱਲੋਂ ਇਹ ਬੂਥ ਚਲਾਇਆ ਜਾ ਰਿਹਾ ਸੀ।

ਇੱਕ ਲੱਖ ਦੀ ਰਿਸ਼ਵਤ ਲੈ ਚੁੱਕਾ ਸੀ ਐਕਸੀਅਨ: ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਪੁੱਡਾ ਐਕਸੀਅਨ ਵੱਲੋਂ ਇਸ ਬੂਥ ਨੂੰ ਚੱਲਦਾ ਰੱਖਣ ਬਦਲੇ 20,000 ਰੁਪਏ ਮਹੀਨਾ ਰਿਸ਼ਵਤ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਉਸਨੇ ਅੱਗੇ ਕਿਹਾ ਕਿ ਉਕਤ ਐਕਸੀਅਨ ਨੇ ਉਸਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਉਸਨੂੰ 20,000 ਦੀ ਮਹੀਨਾ ਰਿਸ਼ਵਤ ਦੇਣ ਵਿੱਚ ਅਸਫਲ ਰਿਹਾ ਤਾਂ ਉਹ ਉਸਦੇ ਬੂਥ ਦੀ ਅਲਾਟਮੈਂਟ ਰੱਦ ਕਰਵਾ ਦੇਵੇਗਾ। ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਉਕਤ ਐਕਸੀਅਨ ਪਹਿਲਾਂ ਵੀ ਉਸ ਕੋਲੋਂ ਇਸੇ ਕੰਮ ਬਦਲੇ ਇੱਕ ਲੱਖ ਰੁਪਏ ਲੈ ਚੁੱਕਾ ਹੈ।

ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਕੀਤ ਕਾਬੂ: ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਐਕਸੀਅਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details