ਪ੍ਰਦਰਸ਼ਨਕਾਰੀਆਂ ਨੇ ਭਾਜਪਾ ਖ਼ਿਲਾਫ਼ ਕੱਢੀ ਭੜਾਸ ਚੰਡੀਗੜ੍ਹ: ਮਣੀਪੁਰ ਵਿੱਚ ਔਰਤਾਂ ਨੂੰ ਨੰਗਾ ਕਰਕੇ ਪਰੇਡ ਕਰਵਾਉਣ ਦੀ ਵੀਡੀਓ ਦਾ ਮਾਮਲਾ ਲਗਾਤਾਰ ਪੂਰੇ ਦੇਸ਼ ਵਿੱਚ ਸੁਰਖੀਆਂ ਬਣਿਆਂ ਹੋਇਆ ਹੈ ਅਤੇ ਮਾਮਲੇ ਨੂੰ ਲੈਕੇ ਭਾਜਪਾ ਉੱਤੇ ਤਮਾਮ ਵਿਰੋਧੀ ਧਿਰਾਂ ਨਿੱਤ ਨਵੇਂ ਸ਼ਬਦੀ ਵਾਰ ਕਰਦੀਆਂ ਨਜ਼ਰ ਆ ਰਹੀਆਂ ਨੇ। ਇਸੇ ਮਾਮਲੇ ਤਹਿਤ ਅੱਜ ਚੰਡੀਗੜ੍ਹ ਵਿੱਚ ਐੱਮਐੱਲਏ ਹੋਸਟਲ ਅੰਦਰ ਇਕੱਤਰਤਾ ਕਰਕੇ ਭਾਜਪਾ ਦੇ ਦਫਤਰ ਦੇ ਘਿਰਾਓ ਕਰਨ ਲਈ ਪੰਜਾਬ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਹੋਰ ਆਗੂਆਂ ਨਾਲ ਮਿਲ ਕੇ ਦਫਤਰ ਵੱਲ ਕੂਚ ਕਰਨ ਦੀ ਕੋਸ਼ਿਸ ਕੀਤੀ।
ਵਾਟਰ ਕੈਨਨ ਦਾ ਇਸਤੇਮਾਲ: ਵੱਡੀ ਗਿਣਤੀ ਵਿੱਚ ਇਕੱਠੇ ਹੋਏ 'ਆਪ' ਆਗੂ ਜਦੋਂ ਭਾਜਪਾ ਦੇ ਦਫਤਰ ਦਾ ਘਿਰਾਓ ਕਰਨ ਲਈ ਅੱਗੇ ਵਧਣ ਲੱਗੇ ਤਾਂ ਚੰਡੀਗੜ੍ਹ ਪੁਲਿਸ ਨੇ ਸ਼ਾਂਤੀ ਵਿਵਸਥਾ ਨੂੰ ਕਾਇਮ ਰੱਖਣ ਦੇ ਯਤਨ ਸਦਕਾ ਬੈਰੀਕੇਡਿੰਗ ਕਰ ਦਿੱਤੀ,ਪਰ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜੋਸ਼ ਵਿੱਚ ਆਕੇ ਬੈਰੀ ਕੇਡਿੰਗ ਕਰਾਸ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਅਤੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਨਹੀਂ ਵਧਣ ਦਿੱਤਾ।
ਪ੍ਰਦਰਸ਼ਨਕਾਰੀਆਂ ਦੀਆਂ ਲੱਥੀਆਂ ਪੱਗੀਆਂ:ਦੱਸ ਦਈਏ ਭਾਜਪਾ ਦਫਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰਦੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ ਅਤੇ ਇਸ ਦੌਰਾਨ ਕਈ ਆਪ ਆਗੂਆਂ ਦੀਆਂ ਪੱਗਾਂ ਵੀ ਲੱਥ ਗਈਆਂ। ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਬੱਸਾਂ ਵਿੱਚ ਡੱਕ ਕੇ ਦੂਰ ਦੁਰਾਡੇ ਵੀ ਛੱਡਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਾਇਆ ਕਿ ਪੰਜਾਬ ਦੇ ਹਰ ਮੁੱਦੇ ਵਿੱਚ ਟੰਗ ਫਸਾਉਣ ਵਾਲੇ ਰਾਜਪਾਲ ਹੁਣ ਇਸ ਮੁੱਦੇ ਉੱਤੇ ਚੁੱਪੀ ਧਾਰੀ ਬੈਠੇ ਨੇ। ਉਨ੍ਹਾਂ ਕਿਹਾ ਕਿ ਮਣੀਪੁਰ ਮਾਮਲੇ ਨੇ ਭਾਜਪਾ ਦਾ ਅਸਲ ਚਿਹਰਾ ਲੋਕਾਂ ਅੱਗੇ ਨਸ਼ਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਔਰਤਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਅਤੇ ਇਸ ਸਮੇਂ ਦੀ ਇਹ ਸਭ ਤੋਂ ਕੌੜੀ ਸਚਾਈ ਹੈ।
ਦੱਸ ਦਈਏ ਬੀਤੇ ਦਿਨੀ ਮਣੀਪੁਰ ਵਿੱਚ ਦੋ ਔਰਤਾਂ ਦੀ ਨਗਨ ਪਰੇਡ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰੇ ਦੇਸ਼ ਵਿੱਚ ਹੰਗਾਮਾ ਮਚ ਗਿਆ ਸੀ ਅਤੇ ਖੁੱਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੋਸ਼ੀਆਂ ਨੂੰ ਨਾ ਬਖਸ਼ਣ ਦੀ ਗੱਲ ਕਹੀ ਸੀ। ਇਸ ਦੇ ਤੁਰੰਤ ਬਾਅਦ ਮਣੀਪੁਰ ਜਿਹਾ ਮਾਮਲਾ ਬਿਹਾਰ ਵਿੱਚ ਵੀ ਲੜਕੀ ਦੇ ਨਾਲ ਕੀਤਾ ਗਿਆ। ਬੇਗੂਸਰਾਏ ਤੋਂ ਜੋ ਵੀਡੀਓ ਸਾਹਮਣੇ ਆਇਆ ਸੀ, ਉਹ ਹਲੂਣ ਦੇਣ ਵਾਲਾ ਸੀ। ਲੋਕ ਨਾ ਸਿਰਫ ਲੜਕੀ ਦੇ ਕੱਪੜੇ ਪਾੜਦੇ ਨਜ਼ਰ ਆਉਂਦੇ ਹਨ, ਸਗੋਂ ਉਸ ਨੂੰ ਫਰਸ਼ 'ਤੇ ਸੁੱਟ ਦਿੰਦੇ ਹਨ ਅਤੇ ਉਸ ਨਾਲ ਦੁਰਵਿਵਹਾਰ ਕਰਦੇ ਹਨ।