ਚੰਡੀਗੜ੍ਹ:ਪੰਜਾਬ ਦੇ ਫਿਰੋਜ਼ਪੁਰ ਵਿਚ ਬਣਨ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਰਾਹ ਹੁਣ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ। 26 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ਵਿਚ ਇਸ ਦਾ ਨੀਂਹ ਪੱਥਰ ਰੱਖਣਗੇ। ਜਿਸ ਸਬੰਧੀ ਜਾਣਕਾਰੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਦਿੱਤੀ ਗਈ ਹੈ। ਜਿਸ 'ਚ ਦੱਸਿਆ ਕਿ 26 ਸਤੰਬਰ ਨੂੰ ਅਮਿਤ ਸ਼ਾਹ ਅੰਮ੍ਰਿਤਸਰ ਸਾਹਿਬ ਆਉਣਗੇ ਤੇ ਫਿਰੋਜ਼ਪੁਰ ਵਿਖੇ PGI ਸੈਟੇਲਾਈਟ ਦਾ ਨੀਂਹ ਪੱਥਰ ਰੱਖਣਗੇ। (Ferozepur PGI Satellite Center)
ਪਹਿਲਾਂ ਪ੍ਰਧਾਨ ਮੰਤਰੀ ਨੇ ਰੱਖਣਾ ਸੀ ਨੀਂਹ ਪੱਥਰ:ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਉਕਤ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖਿਆ ਜਾਣਾ ਸੀ ਪਰ ਹੁਣ ਇਹ ਨੀਂਹ ਪੱਧਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰੱਖਿਆ ਜਾਵੇਗਾ। ਦੱਸ ਦਈਏ ਕਿ ਪੰਜਾਬ 'ਚ ਕਾਂਗਰਸ ਦੀ ਚੰਨੀ ਸਰਕਾਰ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ ਆ ਰਹੇ ਸਨ ਪਰ ਫਿਰੋਜ਼ਪੁਰ ਵਿੱਚ ਤਲਵੰਡੀ ਭਾਈ ਨੇੜੇ ਓਵਰਬ੍ਰਿਜ ’ਤੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੇ ਅੱਗੇ ਕਿਸਾਨਾਂ ਦੇ ਅਚਾਨਕ ਆ ਜਾਣ ਕਾਰਨ ਪ੍ਰਧਾਨ ਮੰਤਰੀ ਨੂੰ ਵਾਪਸ ਮੁੜਨਾ ਪਿਆ। ਜਿਸ ਨੂੰ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਵੱਡੀ ਕਤਾਹੀ ਦੇ ਤੌਰ 'ਤੇ ਦੇਖਿਆ ਗਿਆ ਸੀ।
ਚੰਨੀ ਸਰਕਾਰ ਸਮੇਂ ਹੋਇਆ ਸੀ ਵਿਵਾਦ: ਉਸ ਸਮੇਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਕਤ ਘਟਨਾ ਨੂੰ ਕੋਈ ਗੰਭੀਰ ਮਾਮਲਾ ਨਹੀਂ ਦੱਸਿਆ ਗਿਆ ਸੀ, ਜਦਕਿ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਾਪਸ ਜਾਂਦੇ ਸਮੇਂ ਬਠਿੰਡਾ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਕਿਹਾ ਸੀ ਕਿ ਸ਼ੁਕਰ ਹੈ ਸੁਰੱਖਿਅਤ ਵਾਪਸ ਜਾ ਰਿਹਾ ਹਾਂ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਫਿਰੋਜ਼ਪੁਰ ਆਉਣ ਦੀਆਂ ਲਗਾਤਾਰ ਚਰਚਾਵਾਂ ਚੱਲ ਰਹੀਆਂ ਸਨ। ਇੰਨਾ ਹੀ ਨਹੀਂ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਬਾਰੇ ਵੀ ਸਮੇਂ-ਸਮੇਂ 'ਤੇ ਚਰਚਾ ਹੁੰਦੀ ਰਹੀ ਹੈ। ਜਿਸ 'ਚ ਕਈ ਵਾਰ ਪ੍ਰਧਾਨ ਮੰਤਰੀ ਵਲੋਂ ਇਸ ਦਾ ਵਰਚੂਅਲ ਨੀਂਹ ਪੱਥਰ ਰੱਖਣ ਦੀ ਗੱਲ ਵੀ ਸਾਹਮਣੇ ਆਈ ਸੀ।
ਕਾਂਗਰਸੀ ਆਗੂ ਹੋਇਆ ਸੀ ਸ਼ਾਮਲ: ਇਸ ਤੋਂ ਪਹਿਲਾਂ ਭਾਜਪਾ ਦੇ ਪੰਜਾਬ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਦੀ ਮੌਜੂਦਗੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਅਕਸ਼ੈ ਸ਼ਰਮਾ ਦਾ ਪਾਰਟੀ ਵਿੱਚ ਆਉਣ ਦਾ ਸਵਾਗਤ ਕੀਤਾ ਅਤੇ ਆਸ ਪ੍ਰਗਟਾਈ ਕਿ ਐਨਐਸਯੂਆਈ ਪੰਜਾਬ ਦੇ ਸਾਬਕਾ ਪ੍ਰਧਾਨ ਦੀ ਪਾਰਟੀ ਵਿੱਚ ਮੌਜੂਦਗੀ ਹੋਵੇਗੀ।ਜਾਖੜ ਨੇ ਅਕਸ਼ੈ ਸ਼ਰਮਾ ਨੂੰ ਭਾਜਪਾ ਵਿੱਚ ਸ਼ਾਮਲ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਵਰਗੇ ਨੌਜਵਾਨ ਕੱਲ ਦੀ ਰਾਜਨੀਤੀ ਦਾ ਚਿਹਰਾ ਹਨ। ਸਖ਼ਤ ਮਿਹਨਤੀ ਆਗੂਆਂ ਨੂੰ ਧੋਖਾ ਦੇਣ ਲਈ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਜਾਖੜ ਨੇ ਕਿਹਾ ਕਿ ਕਾਂਗਰਸ ਵੱਲੋਂ ਕਰਵਾਈਆਂ ਗਈਆਂ ਹਾਲ ਹੀ ਦੀਆਂ ਯੂਥ ਕਾਂਗਰਸ ਚੋਣਾਂ ਇੱਕ ਧੋਖਾਧੜੀ ਸੀ। ਜਾਖੜ ਨੇ ਕਾਂਗਰਸ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਗੱਲ ਦਾ ਆਤਮ-ਚਿੰਤਨ ਕਰਨਾ ਚਾਹੀਦਾ ਹੈ ਕਿ ਅੱਜ ਪੰਜਾਬ ਕਾਂਗਰਸ ਜਿਸ ਤਰ੍ਹਾਂ ਦੇ ਪਾਰਟੀ ਕਲਚਰ ਵਿਚ ਸਿਮਟ ਗਈ ਹੈ, ਉਸ ਵਿਚ ਕੋਈ ਕਿਉਂ ਨਹੀਂ ਰਹਿਣਾ ਚਾਹੁੰਦਾ।