चंडीगढ़:ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਰੈਲੀ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9 ਸਾਲਾਂ ਦੇ ਕਾਰਜਕਾਲ ਨੂੰ ਲੈ ਕੇ ਭਾਜਪਾ ਦੇਸ਼ ਭਰ 'ਚ ਰੈਲੀਆਂ ਕਰ ਰਹੀ ਹੈ, ਇਸ ਪ੍ਰੋਗਰਾਮ ਤਹਿਤ ਚੰਡੀਗੜ੍ਹ 'ਚ ਵੀ ਰੈਲੀ ਕੀਤੀ ਗਈ। ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਹੋਈ ਇਸ ਰੈਲੀ ਵਿੱਚ ਕੇਂਦਰੀ ਮੰਤਰੀ ਨੂੰ ਸੁਣਨ ਲਈ ਹਜ਼ਾਰਾਂ ਲੋਕ ਪੁੱਜੇ ਹੋਏ ਸਨ।
ਕੇਂਦਰ ਸਰਕਾਰ ਦੀਆਂ ਪਿਛਲੇ 9 ਸਾਲਾਂ ਦੀਆਂ ਪ੍ਰਾਪਤੀਆਂ:-ਇਸ ਰੈਲੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੇਂਦਰ ਸਰਕਾਰ ਦੀਆਂ ਪਿਛਲੇ 9 ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਆਪਣੀ ਗੱਲ ਜਨਤਾ ਦੇ ਸਾਹਮਣੇ ਰੱਖੀ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਹੈ, ਜੋ ਕਿ ਪੰਜਾਬ ਤੋਂ ਕੁਝ ਹੀ ਕਿਲੋਮੀਟਰ ਦੂਰ ਹੈ। ਜੇ ਵੰਡ ਵੇਲੇ ਕਾਂਗਰਸ ਨੇ ਜਲਦਬਾਜ਼ੀ ਨਾ ਕੀਤੀ ਹੁੰਦੀ ਤਾਂ ਕਰਤਾਰਪੁਰ ਸਾਹਿਬ ਭਾਰਤ ਵਿਚ ਹੁੰਦਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਰਦ ਨੂੰ ਸਮਝ ਚੁੱਕੇ ਹਨ। ਉਨ੍ਹਾਂ ਦੇ ਯਤਨਾਂ ਸਦਕਾ ਹੀ ਕਰਤਾਰਪੁਰ ਲਾਂਘਾ ਬਣਿਆ ਹੈ।
'ਸਰਹੱਦ ਪਾਰ ਜਾ ਕੇ ਅੱਤਵਾਦ ਦਾ ਖਾਤਮਾ ਕੀਤਾ':-ਇਸ ਦੌਰਾਨ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਭਾਰਤ ਨੂੰ ਦੁਨੀਆਂ ਵਿੱਚ ਗੰਭੀਰਤਾ ਨਾਲ ਸੁਣਿਆ ਜਾਂਦਾ ਹੈ, ਦੁਨੀਆਂ ਵਿੱਚ ਦੇਸ਼ ਦਾ ਸਤਿਕਾਰ ਵਧਿਆ ਹੈ। ਸਰਜੀਕਲ ਸਟ੍ਰਾਈਕ ਦੌਰਾਨ ਅਸੀਂ ਸਰਹੱਦ ਪਾਰ ਜਾ ਕੇ ਅੱਤਵਾਦ ਦਾ ਖਾਤਮਾ ਕੀਤਾ। ਜੇਕਰ ਸਾਨੂੰ ਦੁਨੀਆ ਨੂੰ ਸੁਨੇਹਾ ਚਾਹੀਦਾ ਹੈ ਤਾਂ ਭਾਰਤ ਸਰਹੱਦ ਦੇ ਇਸ ਪਾਸੇ ਜਾਂ ਦੂਜੇ ਪਾਸੇ ਕਿਤੇ ਵੀ ਜਾ ਕੇ ਮਾਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਕਿਹਾ ਹੈ, ਉਹ ਕੀਤਾ ਹੈ, ਸਾਡੀ ਪਿੱਠ ਪਿੱਛੇ ਕੋਈ ਵੀ ਆਲੋਚਨਾ ਕਰ ਸਕਦਾ ਹੈ, ਭਗਵਾਨ ਰਾਮ ਦੀ ਵੀ ਆਲੋਚਨਾ ਕੀਤੀ ਗਈ।
ਪੰਜਾਬ 'ਚ ਵਿਗੜਦੀ ਅਮਨ-ਕਾਨੂੰਨ 'ਤੇ ਸਵਾਲ:-ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ 'ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਵਿਗੜਦੀ ਹੈ ਤਾਂ ਅਸੀਂ ਚਿੰਤਤ ਹੁੰਦੇ ਹਾਂ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਸਨ ਤਾਂ ਸਾਡੇ ਨਾਲ ਕਾਨੂੰਨ ਵਿਵਸਥਾ ਬਾਰੇ ਚਰਚਾ ਕਰਦੇ ਸਨ, ਪਰ ਹੁਣ ਅਜਿਹਾ ਨਹੀਂ ਹੈ। ਅੱਜ ਹਾਲਾਤ ਬਦਲ ਗਏ ਹਨ, ਜਿਸ ਸੂਬੇ ਵਿਚ ਕਾਨੂੰਨ ਵਿਵਸਥਾ ਠੀਕ ਨਹੀਂ ਹੈ, ਉਹ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਅਤੇ ਪੰਜਾਬੀਅਤ ਤੋਂ ਚੰਗੀ ਤਰ੍ਹਾਂ ਜਾਣੂ ਹਾਂ, ਮੈਂ ਸਰਕਾਰ ਤੋਂ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਦੀ ਉਮੀਦ ਕਰਦਾ ਹਾਂ।
ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ:- ਅਕਾਲੀ ਦਲ ਇਸ ਮੌਕੇ ਰੱਖਿਆ ਮੰਤਰੀ ਅਕਾਲੀ ਦਲ ਨੂੰ ਯਾਦ ਕਰਨਾ ਵੀ ਨਹੀਂ ਭੁੱਲੇ, ਅਕਾਲੀ ਦਲ ਨਾਲ ਗਠਜੋੜ 'ਤੇ ਵੱਡਾ ਬਿਆਨ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਮੈਨੂੰ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਆ ਰਹੀ ਹੈ। ਬੇਸ਼ੱਕ ਅਕਾਲੀ ਦਲ ਹੁਣ ਸਾਡੇ ਗਠਜੋੜ ਵਿੱਚ ਨਹੀਂ ਰਿਹਾ, ਉਹਨਾਂ ਕਿਹਾ ਕਿ ਪਰ ਮੈਨੂੰ ਨਹੀਂ ਪਤਾ ਕਿ ਉਹ ਕਿਹੜੇ ਕਾਰਨ ਸਨ ਕਿ ਅਕਾਲੀ ਭਾਜਪਾ ਦਾ ਗਠਜੋੜ ਟੁੱਟਿਆ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਲਈ ਸਾਡੇ ਦਿਲ ਅੰਦਰ ਬਹੁਤ ਸਤਿਕਾਰ ਹੈ, ਉਹ ਭਾਵੇਂ ਚਲੇ ਗਏ, ਪਰ ਅਸੀਂ ਕਿਸੇ ਨੂੰ ਆਪਣੇ ਦਿਲ ਵਿੱਚੋਂ ਕਦੇ ਨਹੀਂ ਕੱਢਦੇ।
ਪਟਨਾ 'ਚ ਵਿਰੋਧੀ ਪਾਰਟੀਆਂ ਦੀ ਮੀਟਿੰਗ 'ਤੇ ਵੀ ਨਿਸ਼ਾਨਾ:-ਇਸ ਦੌਰਾਨ ਸਟੇਜ ਤੋਂ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਪਟਨਾ 'ਚ ਵਿਰੋਧੀ ਪਾਰਟੀਆਂ ਦੀ ਮੀਟਿੰਗ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਅੱਜ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਸਾਡੇ 'ਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਦੋਸ਼ ਲਾਉਂਦੀਆਂ ਹਨ। ਜੇ ਇਕੱਠੇ ਲੜਨਾ ਹੈ ਤਾਂ ਲੜੋ, ਪਰ ਬੇਤੁਕੇ ਇਲਜ਼ਾਮ ਨਾ ਲਗਾਓ, ਜਦੋਂ ਐਮਰਜੈਂਸੀ ਲਗਾਈ ਗਈ ਤਾਂ ਲੋਕਤੰਤਰ ਦਾ ਗਲਾ ਘੁੱਟਿਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਅਗਲੇ ਸਾਲ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਲਈ ਭਾਜਪਾ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚੰਡੀਗੜ੍ਹ ਵਿੱਚ ਹੋਈ ਇਸ ਰੈਲੀ ਦੇ ਬਹਾਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਾ ਸਿਰਫ਼ ਚੰਡੀਗੜ੍ਹ ਵਾਸੀਆਂ ਨੂੰ ਪ੍ਰੇਰਿਤ ਕੀਤਾ। ਸਗੋਂ ਚੰਡੀਗੜ੍ਹ ਤੋਂ ਪੰਜਾਬ ਤੱਕ ਵੀ ਸੰਦੇਸ਼ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ।