ਚੰਡੀਗੜ੍ਹ: ਮੋਰਿੰਡਾ ਬੱਸ ਸਟੈਂਡ ਕੋਲ 20 ਕਰੋੜ ਦੀ ਲਾਗਤ ਨਾਲ ਬਣੇਗਾ ਅੰਡਰ ਪਾਸ, ਜਿਸ ਦਾ ਕੰਮ 20 ਜਨਵਰੀ ਤੋਂ ਸ਼ੁਰੂ ਹੋ ਜਾਵੇਗਾ। ਅੱਜ ਇਥੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਵਿਖੇ ਸ੍ਰੀ ਚਮਕੌਰ ਸਾਹਿਬ ਹਲਕੇ ਨਾਲ ਸਬੰਧਨ ਲੋਕ ਨਿਰਮਾਣ ਵਿਭਾਗ ਅਧੀਨ ਚੱਲ ਰਹੇ ਕੰਮਾਂ ਬਾਰੇ ਜਾਇਜ਼ਾ ਲਿਆ ਅਤੇ ਮੀਟਿੰਗ ਉਪਰੰਤ ਇਹ ਜਾਣਕਾਰੀ ਸਾਂਝੀ ਕੀਤੀ।
ਚੰਨੀ ਨੇ ਦੱਸਿਆ ਕਿ ਮੋਰਿੰਡਾ ਸ਼ਹਿਰ ਵਿੱਚ ਪੁਰਾਣੀ ਲੁਧਿਆਣਾ- ਚੰਡੀਗੜ੍ਹ ਸੜਕ ਨੂੰ ਕਰੋਸ ਕਰਦੀ ਸਰਹਿੰਦ-ਨੰਗਲ ਡੈਮ ਰੇਲਵੇ ਲਾਈਨ ਵਿਖੇ ਬਣਨ ਵਾਲੇ ਅੰਡਰ ਪਾਸ ਦੀ ਉਸਾਰੀ ਦੇ ਕੰਮ 20 ਜਨਵਰੀ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀ ਪ੍ਰਕ੍ਰਿਆ ਪੂਰੀ ਕਰ ਲਈ ਗਈ ਹੈ। ਇਸ ਅੰਡਰ ਪਾਸ ਦੀ ਲੰਬਾਈ 1580 ਫੁੱਟ ਅਤੇ ਚੌੜਾਈ 46 ਫੁੱਟ ਹੋਵੇਗੀ। ਇਸ ਅੰਡਰ ਪਾਸ ਦੇ ਨਾਲ ਦੋਨੋਂ ਪਾਸੇ ਸਰਵਿਸ ਰੋਡ ਦੀ ਉਸਾਰੀ ਵੀ ਕੀਤੀ ਜਾਵੇਗੀ। ਇਸ ਆਰ. ਯੂ. ਬੀ. ਨੂੰ ਸੈਡ ਨਾਲ ਕਵਰ ਕੀਤਾ ਜਾਵੇਗਾ ਅਤੇ ਇਸ ਦੇ ਅੰਦਰ ਲਾਇਟਾਂ ਵੀ ਲਗਾਈਆਂ ਜਾਣਗੀਆਂ।