ਚੰਡੀਗੜ੍ਹ:ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਵੱਖਵਾਦੀ ਸੋਚ ਵਾਲੇ ਅੰਮ੍ਰਿਤਪਾਲ ਸਿੰਘ ਦੀ ਬੇਸ਼ੱਕ ਹਾਲੇ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਉਸਦੀ ਹਵਾ ਦਾ ਕਈਆਂ ਨੂੰ ਨੁਕਸਾਨ ਵੀ ਝੱਲਣਾ ਪਿਆ ਹੈ। ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਉੱਤੇ ਪੁਲਿਸ ਕਾਰਵਾਈ ਦੇ ਨਾਲ ਨਾਲ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਵੀ ਸਖਤੀ ਕੀਤੀ ਗਈ ਹੈ। ਸਭ ਤੋਂ ਪਹਿਲਾਂ ਉਸਦੇ ਭੜਕਾਊ ਬਿਆਨਾਂ ਅਤੇ ਹੋਰ ਗਤੀਵਿਧੀਆਂ ਦੀਆਂ ਫੈਲਦੀਆਂ ਜਾਣਕਾਰੀਆਂ ਤੋਂ ਅੱਕੀ ਸਰਕਾਰ ਨੇ ਉਸਦਾ ਟਵਿੱਟਰ ਖਾਤਾ ਬੈਨ ਕੀਤਾ ਗਿਆ। ਇਸ ਤੋਂ ਬਾਅਦ ਹੋਰ ਵੀ ਕਈ ਨਾਮਵਰ ਸ਼ਖਸੀਅਤਾਂ ਦੇ ਟਵਿੱਟਰ ਖਾਤੇ ਬੰਦ ਕੀਤੇ ਗਏ ਹਨ।
ਸਿਮਰਨਜੀਤ ਸਿੰਘ ਮਾਨ :ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਤਾਂ ਉਨ੍ਹਾਂ ਦਾ ਵੀ ਟਵਿੱਟਰ ਖਾਤਾ ਬੰਦ ਕੀਤਾ ਗਿਆ ਹੈ। ਉਨ੍ਹਾਂ ਵਲੋਂ ਅੰਮ੍ਰਿਤਪਾਲ ਨਾਲ ਜੁੜੀ ਇਕ ਪੋਸਟ ਟਵੀਟ ਕੀਤੀ ਗਈ ਸੀ। ਪਾਰਟੀ ਤੋ ਮਿਲੀ ਜਾਣਕਾਰੀ ਦੀ ਮੰਨੀਏ ਤਾਂ ਪਾਰਟੀ ਨੇ ਇਸਦੀ ਨਿਖੇਧੀ ਦੇ ਨਾਲ ਨਾਲ ਕਿਹਾ ਸੀ ਕਿ ਸੰਸਦ ਮੈਂਬਰ ਦਾ ਟਵਿੱਟਰ ਖਾਤਾ ਬੰਦ ਕਰਨਾ ਇਕ ਤਰ੍ਹਾਂ ਨਾਲ ਗੈਰ ਜਮਹੂਰੀਅਤ ਕੰਮ ਹੈ। ਉਨ੍ਹਾਂ ਵਲੋਂ ਇਹ ਵੀ ਬਿਆਨ ਆਇਆ ਕਿ ਜੇ ਇਸ ਤਰ੍ਹਾਂ ਖਾਸੇ ਬੰਦ ਹੋਣਗੇ ਤਾਂ ਕੌਣ ਇਸਦੀ ਆਵਾਜ ਚੁੱਕੇਗਾ। ਪਾਰਟੀ ਨੇ ਕਿਹਾ ਸੀ ਕਿ ਇਹ ਆਵਾਜ ਲੋਕ ਸਭਾ ਵਿੱਚ ਚੁੱਕੀ ਜਾਵੇਗੀ। ਅਸਲ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਵੇਲੇ ਸਵਾਲ ਕੀਤੇ ਸਨ। ਖਾਤਾ ਬੰਦ ਹੋਣ ਤੋਂ ਬਾਅਦ ਇਸਦੀ ਵਜ੍ਹਾ ਵੀ ਇਹੀ ਪੋਸਟ ਅਤੇ ਚੁੱਕੇ ਗਏ ਸਵਾਲ ਦੱਸੇ ਗਏ ਸਨ।
ਵਿਦੇਸ਼ਾਂ ਤੱਕ ਫੈਲੀ ਪੰਜਾਬ ਦੀ ਪਰੇਸ਼ਾਨੀ :ਪੰਜਾਬ ਵਿੱਚ ਵੱਖਵਾਦੀ ਸੋਚ ਦੇ ਮਾਲਿਕ ਅੰਮ੍ਰਿਤਪਾਲ ਸਿੰਘ ਉੱਤੇ ਕਾਰਵਾਈ ਦੀ ਅੱਗ ਵਿਦੇਸ਼ਾਂ ਤੱਕ ਫੈਲੀ ਹੈ। ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਅਮਰੀਕਾ ਦੇ ਸਾਨ ਫਰਾਂਸਿਸਕੋ 'ਚ ਭਾਰਤੀ ਕੌਂਸਲੇਟ 'ਤੇ ਵੱਖਵਾਦੀਆਂ ਨੇ ਹਮਲਾ ਕੀਤਾ ਤਾਂ ਭਾਰਤ ਸਰਕਾਰ ਨੇ ਇਨ੍ਹਾਂ ਖਿਲਾਫ ਕਾਰਵਾਈ ਕੀਤੀ। ਭਾਰਤ 'ਚ ਕਈ ਖਾਲਿਸਤਾਨ ਪੱਖੀ ਟਵਿਟਰ ਹੈਂਡਲ ਬੰਦ ਕੀਤੇ ਗਏ। ਇਨ੍ਹਾਂ ਵਿੱਚ ਕੈਨੇਡੀਅਨ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਦਾ ਖਾਤਾ ਵੀ ਸ਼ਾਮਿਲ ਸੀ।