ਚੰਡੀਗੜ੍ਹ: ਪਟਿਆਲਾ ਵਿੱਚ ਆਰਮੀ ਦੇ ਐਨਸੀਸੀ ਦਾ ਸਿਖਲਾਈ ਵਾਲਾ ਜਹਾਜ਼ ਕਰੈਸ਼ ਹੋਣ ਕਾਰਨ ਵਿੰਗ ਕਮਾਂਡਰ ਜੀਐੱਸ ਚੀਮਾ ਦੀ ਮੌਤ ਹੋ ਗਈ ਹੈ। ਵਿੰਗ ਕਮਾਂਡਰ ਜੀਐੱਸ ਚੀਮਾ ਦੀ ਮੌਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਫ਼ਸੋਸ ਪ੍ਰਗਟ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕਿਹਾ, " ਮਾਈਕ੍ਰੋਲਾਇਟ ਦੇ ਜਹਾਜ਼ ਦੇ ਹਾਦਸੇ ਬਾਰੇ ਸੁਣ ਕੇ ਦੁੱਖ ਹੋ ਰਿਹਾ ਹੈ, ਜਿਸ ਹਾਦਸੇ 'ਚ ਵਿੰਗ ਕਪਤਾਨ ਜੀ ਐਸ ਚੀਮਾ ਦੀ ਮੰਦਭਾਗੀ ਮੌਤ ਹੋ ਗਈ ਅਤੇ ਸਵਾਰ 2 ਐਨਸੀਸੀ ਕੈਡਟ ਜ਼ਖ਼ਮੀ ਹਨ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ। ਮਿਲਟਰੀ ਹਸਪਤਾਲ ਵਿੱਚ ਦਾਖ਼ਲ ਦੋ ਜ਼ਖ਼ਮੀ ਕੈਡੇਟਾਂ ਦੀ ਜਲਦੀ ਤੰਦਰੁਸਤ ਸਿਹਤ ਲਈ ਮੈਂ ਅਰਦਾਸ ਕਰਦਾ ਹਾਂ।"
ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ ਗੁਰਦਾਸਪੁਰ ਜ਼ਿਲੇ ਦੇ ਪਿੰਡ ਅਲੌਵਲ ਦਾ ਵਸਨੀਕ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਦੱਸਣਯੋਗ ਹੈ ਕਿ ਇਸ ਜਹਾਜ਼ ਨੂੰ ਵਿੰਗ ਕਮਾਂਡਰ ਜੀਐੱਸ ਚੀਮਾ ਤੇ ਇੱਕ ਹੋਰ ਐਨਐਨਸੀ ਵਿਦਿਆਰਥੀਆਂ ਵੱਲੋਂ ਉਡਾਇਆ ਜਾ ਰਿਹਾ ਸੀ। ਦੋਹੇਂ ਵਿਦਿਆਰਥੀ ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਰਾਜਿੰਦਰਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਹਾਦਸਾਗ੍ਰਸਤ ਹੋਏ ਜਹਾਜ਼ ਦਾ ਰੰਗ ਸਫ਼ੇਦ ਸੀ ਤੇ ਹਾਦਸੇ ਦਾ ਮੁੱਖ ਕਾਰਨ ਇੰਜਨ ਦਾ ਹਵਾ ਵਿੱਚ ਬੰਦ ਹੋਣਾ ਦੱਸਿਆ ਜਾ ਰਿਹਾ ਹੈ। ਫ਼ਿਲਹਾਲ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਆਈ ਹੈ। ਆਰਮੀ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।