ਹੈਦਰਾਬਾਦ ਡੈਸਕ:ਸ਼ਹੀਦ ਊਧਮ ਸਿੰਘ ਜੀ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ। ਊਧਮ ਸਿੰਘ ਦਾ ਜਨਮ ਸੰਗਰੂਰ ਦੇ ਸ਼ੇਰ ਸਿੰਘ 'ਚ 26 ਦਸੰਬਰ 1899 ਨੂੰ ਹੋਇਆ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਊਧਮ ਸਿੰਘ ਤੇ ਉਨ੍ਹਾਂ ਦਾ ਭਰਾ ਪੁਤਲੀਘਰ ਵਿੱਚ ਸੈਂਟਰਲ ਖ਼ਾਲਸਾ ਅਨਾਥ ਆਸ਼ਰਮ ਚਲੇ ਗਏ ਸੀ। ਸ਼ਹੀਦ ਊਧਮ ਸਿੰਘ ਨੇ ਜ਼ਾਲਿਆਂ ਵਾਲਾ ਬਾਗ ਵਿੱਚ ਹੋਏ ਖੂਨੀ ਕਤਲੇਆਮ ਦਾ ਬਦਲਾ ਲਿਆ ਅਤੇ ਭਰੀ ਜਵਾਨੀ ਵਿੱਚ ਫਾਂਸੀ ਦੇ ਤਖ਼ਤੇ ਉੱਤੇ ਚੜ੍ਹ ਗਏ ਸਨ।
ਸੀਐਮ ਭਗਵੰਤ ਮਾਨ ਦਾ ਟਵੀਟ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਯਾਦ ਕਰਦਿਆ ਪੋਸਟ ਸਾਂਝੀ ਕੀਤੀ।
ਪੰਜਾਬ ਦੀ ਧਰਤੀ ਦਾ ਅਣਖੀ ਯੋਧਾ ਸ਼ਹੀਦ ਊਧਮ ਸਿੰਘ ਜੀ, ਜਿਨ੍ਹਾਂ ਸੱਤ ਸਮੁੰਦਰੋਂ ਪਾਰ ਪੰਜਾਬ ਦੀ ਅਣਖ ਗ਼ੈਰਤ ਦੀ ਮਿਸਾਲ ਦਿੱਤੀ। ਅਣਖੀ ਯੋਧੇ ਦੇ ਜਨਮ ਦਿਹਾੜੇ ਮੌਕੇ ਦਿਲੋਂ ਪ੍ਰਣਾਮ ਕਰਦਾ ਹਾਂ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਕਿਉਂ ਤੁਰੇ ਕ੍ਰਾਂਤੀਕਾਰੀ ਦੇ ਰਾਹ ਉੱਤੇ: ਜਨਰਲ ਡਾਇਰ ਦੇ ਹੁਕਮਾਂ ਉੱਤੇ 13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਰੌਲਟ ਐਕਟ ਵਿਰੁੱਧ ਸਾਂਤੀ ਨਾਲ ਸਭਾ ਕਰ ਰਹੇ ਨਿਹੱਥੇ ਲੋਕਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਰਕਾਰੀ ਅੰਕੜਿਆਂ ਮੁਤਾਬਕ ਇਸ ਗੋਲੀਬਾਰੀ ਵਿੱਚ 1000 ਲੋਕ ਮਾਰੇ ਗਏ ਸਨ ਅਤੇ 2000 ਤੋਂ ਜ਼ਿਆਦਾ ਜ਼ਖ਼ਮੀ ਹੋਏ ਸਨ। ਇਸ ਕਤਲੇਆਮ ਦਾ ਗਵਾਹ ਊਧਮ ਸਿੰਘ ਹੀ ਸੀ, ਕਿਉਂਕਿ ਊਧਮ ਸਿੰਘ ਵੀ ਉਸ ਦਿਨ ਜ਼ਲ੍ਹਿਆਂਵਾਲੇ ਬਾਗ ਵਿੱਚ ਹਾਜ਼ਰ ਸਨ। ਊਧਮ ਸਿੰਘ ਨੇ ਉਸੇ ਦਿਨ ਜ਼ਲ੍ਹਿਆਂਵਾਲੇ ਬਾਗ ਦੀ ਮਿੱਟੀ ਨੂੰ ਹੱਥ ਵਿੱਚ ਲੈ ਕੇ ਜਨਰਲ ਡਾਇਰ ਪੰਜਾਬ ਦੇ ਗਵਰਨਰ ਮਾਇਕਲ ਓਡਵਾਇਰ ਨੂੰ ਸਬਕ ਸਿਖਾਉਣ ਦੀ ਸਹੁੰ ਖਾਧੀ ਤੇ 21 ਸਾਲ ਆਪਣੇ ਮਨ ਵਿੱਚ ਬਦਲੇ ਦੀ ਚੰਗਿਆੜੀ ਬਾਲ਼਼ੀ ਰੱਖੀ, ਉਸ ਦਿਨ ਦੀ ਖਾਧੀ ਹੋਈ ਸਹੁੰ ਨੇ ਊਧਮ ਸਿੰਘ ਨੂੰ ਲੰਦਨ ਪਹੁੰਚਾਇਆ।
21 ਸਾਲਾਂ ਬਾਅਦ ਲਿਆ ਬਦਲਾ:ਊਧਮ ਸਿੰਘ ਦੇ ਲੰਡਨ ਪਹੁੰਚਣ ਤੋਂ ਪਹਿਲਾਂ ਹੀ ਜਨਰਲ ਡਾਇਰ 1927 ਵਿੱਚ ਬੀਮਾਰੀ ਕਾਰਨ ਮਰ ਗਿਆ ਸੀ, ਪਰ ਊਧਮ ਸਿੰਘ ਮਾਈਕਲ ਅਡਵਾਇਰ ਨੂੰ ਮਾਰਨ ਦਾ ਮੌਕਾ ਲੱਭ ਰਿਹਾ ਸੀ। 21 ਸਾਲਾਂ ਬਾਅਦ ਜ਼ਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਨੂੰ ਲੈ ਕੇ ਲੰਦਨ ਦੇ ਕੈਕਸਟਨ ਹਾਲ ਵਿੱਚ ਮੀਟਿੰਗ ਚੱਲ ਰਹੀ ਸੀ ਜਿਸ ਵਿੱਚ ਮਾਇਕਲ ਅਡਵਾਇਰ ਵੀ ਸ਼ਾਮਲ ਸੀ। ਇਸ ਮੀਟਿੰਗ ਵਿੱਚ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਜਾਣ ਦੀ ਮਨਾਹੀ ਸੀ ਅਤੇ ਮੀਟਿੰਗ ਵਿੱਚ ਜਾਣ ਵਾਲੇ ਦਰਵਾਜ਼ੇ ਉੱਤੇ ਸਖ਼ਤ ਸੁਰੱਖਿਆ ਦਾ ਪਹਿਰਾ ਸੀ, ਪਰ ਊਧਮ ਸਿੰਘ ਮੀਟਿੰਗ ਵਿੱਚ ਇੱਕ ਰਿਵਾਲਵਰ ਕਿਤਾਬ ਵਿੱਚ ਲੁਕਾ ਲੈ ਕੇ ਗਏ ਸਨ। ਮੀਟਿੰਗ ਤੋਂ ਪੂਰੀ ਇੱਕ ਰਾਤ ਪਹਿਲਾਂ ਊਧਮ ਸਿੰਘ ਨੇ ਕਿਤਾਬ ਦੇ ਪੰਨਿਆਂ ਨੂੰ ਕੱਟ-ਕੱਟ ਕੇ ਰਿਵਾਲਵਰ ਦਾ ਆਕਾਰ ਦਿੱਤਾ। ਜਿਵੇਂ ਹੀ ਮੀਟਿੰਗ ਖ਼ਤਮ ਹੋਈ ਊਧਮ ਸਿੰਘ ਨੇ ਕਿਤਾਬ ਵਿੱਚੋਂ ਰਿਵਾਲਵਰ ਕੱਢ ਕੇ ਅਡਵਾਇਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਊਧਮ ਸਿੰਘ ਕਤਲ ਕਰਨ ਤੋਂ ਬਾਅਦ ਭੱਜੇ ਨਹੀਂ, ਸਗੋਂ ਖੁਦ ਗ੍ਰਿਫਤਾਰੀ ਦਿੱਤੀ। 31 ਜੁਲਾਈ, 1940 ਨੂੰ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਇਸ ਬਾਅਦ ਇਸ ਮਹਾਨ ਯੋਧੇ ਦਾ ਨਾਮ ਸ਼ਹੀਦਾਂ ਦੀ ਇਤਿਹਾਸਿਕ ਲੜੀ ਵਿੱਚ ਦਰਜ ਹੋ ਗਿਆ।