ਅੰਮ੍ਰਿਤਸਰ : ਅਜਨਾਲਾ ਥਾਣੇ 'ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਦਾ ਯੂ-ਟਰਨ ਦੇਖਣ ਨੂੰ ਮਿਲਿਆ ਹੈ। ਅੰਮ੍ਰਿਤਸਰ ਦਿਹਾਤੀ ਐਸਐਸਪੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਲਵਪ੍ਰੀਤ ਤੂਫਾਨ ਨੂੰ ਰਿਹਾਅ ਕੀਤਾ ਜਾ ਰਿਹਾ ਹੈ, ਕਿਉਂਕਿ ਉਸ ਨੇ ਸਬੂਤ ਪੇਸ਼ ਕੀਤੇ ਹਨ ਕਿ ਉਹ ਮੌਕੇ 'ਤੇ ਮੌਜੂਦ ਨਹੀਂ ਸੀ। ਅਸੀਂ ਇਸ ਨੂੰ ਅਦਾਲਤ ਵਿਚ ਪੇਸ਼ ਕਰ ਰਹੇ ਹਾਂ। ਸਾਵਧਾਨੀ ਦੇ ਤੌਰ 'ਤੇ ਫੋਰਸ ਤਾਇਨਾਤ ਹੈ ਅਤੇ ਸਥਿਤੀ ਕਾਬੂ ਹੇਠ ਹੈ। ਐੱਸਐੱਸਪੀ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਹਾਲਾਤ ਕਾਬੂ ਹੇਠ ਹਨ, ਜੋ ਵੀ ਮੁਲਾਜ਼ਮ ਜ਼ਖਮੀ ਹੋਏ ਸਨ, ਉਹ ਹੁਣ ਠੀਕ ਹਨ। ਪੱਤਰਕਾਰਾਂ ਵੱਲੋਂ ਕੱਲ੍ਹ ਹੋਈ ਝੜਪ ਦੌਰਾਨ ਗੱਡੀਆਂ ਦੀ ਭੰਨ-ਤੋੜ ਸਬੰਧੀ ਸਵਾਲ ਪੁੱਛੇ ਜਾਣ ਉਤੇ ਐੱਸਐੱਸਪੀ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਭੰਨ ਤੋੜ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਜਾਣਕਾਰੀ ਹਾਲੇ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਜਾ ਸਕਦੀ।
ਅਦਾਲਤ ਵੱਲੋਂ ਅੰਮ੍ਰਿਤਪਾਲ ਦੇ ਸਾਥੀ ਲਵਪ੍ਰੀਤ ਤੂਫਾਨ ਨੂੰ ਰਿਹਾਈ ਦੇ ਹੁਕਮ ਜਾਰੀ ਲਵਪ੍ਰੀਤ ਸਿੰਘ ਨੂੰ ਅੱਜ ਰਿਹਾਅ ਕਰੇਗੀ ਪੁਲਿਸ :ਲਵਪ੍ਰੀਤ ਸਿੰਘ ਤੂਫਾਨ ਵੱਲੋਂ ਆਪਣੇ ਬਚਾਅ ਲਈ ਕੁਝ ਸਬੂਤ ਪੁਲਿਸ ਨੂੰ ਮੁਹੱਈਆ ਕਰਵਾਏ ਗਏ ਸਨ, ਜਿਨ੍ਹਾਂ ਦੇ ਆਧਾਰ ਉਤੇ ਅਦਾਲਤ ਨੇ ਪੁਲਿਸ ਨੂੰ ਤੂਫਾਨ ਸਿੰਘ ਨੂੰ ਰਿਹਾਅ ਕਰਨ ਸਬੰਧੀ ਹੁਕਮ ਦਿੱਤੇ ਹਨ। ਇਸ ਗੱਲ ਦੀ ਪੁਸ਼ਟੀ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਕੀਤੀ ਹੈ। ਉਥੇ ਨਾਲ ਹੀ ਲਵਪ੍ਰੀਤ ਸਿੰਘ ਦੇ ਵਕੀਲ ਜਸਬੀਰ ਸਿੰਘ ਨੇ ਪੱਤਰਕਾਰਾਂ ਨੇ ਮੁਖਾਤਿਬ ਹੁੰਦਿਆਂ ਕਿਹਾ ਹੈ ਕਿ ਲਵਪ੍ਰੀਤ ਨੇ ਆਪਣੇ ਬਚਾਅ ਪੱਖ ਵਿਚ ਸਬੂਤ ਪੇਸ਼ ਕੀਤੇ ਹਨ, ਜਿਸ ਵਿਚ ਉਹ ਬੇਗੁਨਾਹ ਸਾਬਿਤ ਹੋਇਆ ਹੈ। ਅਦਾਲਤ ਨੇ ਫੌਰੀ ਕਾਰਵਾਈ ਕਰਦਿਆਂ ਉਸ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸ਼ਾਮ ਤਕ ਲਵਪ੍ਰੀਤ ਨੂੰ ਰਿਹਾਈ ਮਿਲੇਗੀ।
ਇਹ ਵੀ ਪੜ੍ਹੋ : High Court on Love Marriage: "ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਕੋਈ ਨਵੀਂ ਗੱਲ ਨਹੀਂ"...
SIT ਕਰੇਗੀ ਜਾਂਚ :ਹੁਣ ਵਿਸ਼ੇਸ਼ ਜਾਂਚ ਟੀਮ (SIT) ਵਾਰਿਸ ਪੰਜਾਬ ਦੇ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਦੇ ਸਾਥੀਆਂ ਖਿਲਾਫ ਦਰਜ ਮਾਮਲਿਆਂ ਦੀ ਜਾਂਚ ਕਰੇਗੀ। ਪੁਲੀਸ ਦੇ ਇਸ ਭਰੋਸੇ ਦੇ ਬਾਵਜੂਦ ਧਰਨਾਕਾਰੀਆਂ ਨੇ ਥਾਣੇ ਦੇ ਬਾਹਰ ਧਰਨਾ ਜਾਰੀ ਰੱਖਿਆ। ਪੰਜਾਬ ਪੁਲਿਸ ਦੇ ਬਾਰਡਰ ਜ਼ੋਨ ਦੇ ਆਈਜੀ ਮੁਨੀਸ਼ ਚਾਵਲਾ ਅਤੇ ਅੰਮ੍ਰਿਤਸਰ (ਦਿਹਾਤੀ) ਦੇ ਐਸਐਸਪੀ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਵਾਰਿਸ ਪੰਜਾਬ ਦੇ ਨੁਮਾਇੰਦਿਆਂ ਨਾਲ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ।
ਜਥੇਬੰਦੀ ਦੇ ਵਰਕਰਾਂ ਨੇ ਧਰਨਾ ਵਾਪਸ ਲੈਣ ਦੀ ਹਾਮੀ ਭਰੀ ਅਤੇ ਭਰੋਸਾ ਦਿੱਤਾ ਕਿ ਵਰਕਰ ਕਿਸੇ ਵੀ ਸੂਰਤ ਵਿੱਚ ਮਾਹੌਲ ਖਰਾਬ ਨਹੀਂ ਕਰਨਗੇ। ਪੁਲਿਸ ਵਾਲੇ ਪਾਸਿਓਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਜੱਥੇਬੰਦੀ ਦੇ ਕਾਰਕੁਨ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਕੇਸ ਨੂੰ ਰੱਦ ਕਰਨ ਅਤੇ ਇਸ ਦੀ ਤਹਿ ਤੱਕ ਜਾਂਚ ਕਰਨ ਲਈ ਐਸਆਈਟੀ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਅਤੇ ਸਮੂਹ ਦੇ ਨੁਮਾਇੰਦਿਆਂ ਦਰਮਿਆਨ ਗੱਲਬਾਤ ਸਦਭਾਵਨਾ ਵਾਲੇ ਮਾਹੌਲ ਵਿੱਚ ਹੋਈ। ਇਸ ਦੌਰਾਨ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਸਮੇਤ ਵੱਖ-ਵੱਖ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ :Gurudwara Kandh Sahib Batala : ਗੁਰਦੁਆਰਾ ਕੰਧ ਸਾਹਿਬ ਤੇ ਡੇਹਰਾ ਸਾਹਿਬ ਬਟਾਲਾ ਦਾ ਇਤਿਹਾਸ
ਇਹ ਹੈ ਮਾਮਲਾ :17 ਫਰਵਰੀ ਨੂੰ ਥਾਣਾ ਅਜਨਾਲਾ ਦੀ ਪੁਲਸ ਨੇ ਵਰਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਬਿਆਨਾਂ 'ਤੇ ਅੰਮ੍ਰਿਤਪਾਲ ਸਿੰਘ, ਉਸ ਦੇ 6 ਸਾਥੀਆਂ ਅਤੇ 20 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਵਰਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਅਗਵਾ ਕੀਤਾ, ਉਸ ਦੀ ਕੁੱਟਮਾਰ ਕੀਤੀ ਅਤੇ ਕਕਾਰਾਂ ਦੀ ਬੇਅਦਬੀ ਕੀਤੀ। ਉਸ ਦਾ ਪੈਸਾ ਵੀ ਲੁੱਟ ਲਿਆ। ਇਸ ਮਾਮਲੇ ਵਿੱਚ ਪੁਲਿਸ ਨੇ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਵੀਰਵਾਰ ਨੂੰ ਅੰਮ੍ਰਿਤਪਾਲ ਨੇ ਪੰਜਾਬ ਭਰ ਤੋਂ ਆਪਣੇ ਸਮਰਥਕਾਂ ਨੂੰ ਅਜਨਾਲਾ ਥਾਣੇ ਪਹੁੰਚਣ ਦਾ ਸੱਦਾ ਦਿੱਤਾ।
ਲਵਪ੍ਰੀਤ ਨੂੰ ਨਾਲ ਲੈ ਕੇ ਜਾਣਗੇ ਅੰਮ੍ਰਿਤਪਾਲ :ਅੰਮ੍ਰਿਤਪਾਲ ਸਿੰਘ ਨੇ ਵੀ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਪੁਲੀਸ ਨਾਲ ਗੱਲਬਾਤ ਕੀਤੀ ਹੈ। ਪੁਲਿਸ ਨੇ ਸ਼ੁੱਕਰਵਾਰ ਸਵੇਰੇ ਲਵਪ੍ਰੀਤ ਸਿੰਘ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ ਹੈ। ਇਹ ਵੀ ਕਿਹਾ ਕਿ ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾਈ ਜਾਵੇਗੀ। ਜਦੋਂ ਪੁਲਿਸ ਸਵੇਰੇ ਲਵਪ੍ਰੀਤ ਨੂੰ ਛੱਡ ਦੇਵੇਗੀ ਤਾਂ ਅਸੀਂ ਵਾਪਸ ਚਲੇ ਜਾਵਾਂਗੇ।