ਚੰਡੀਗੜ੍ਹ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਮਨ ਕੀ ਬਾਤ ਦੇ 30 ਅਪ੍ਰੈਲ ਨੂੰ ਰੇਡੀਓ 'ਤੇ ਚੱਲਣ ਵਾਲੇ ਮਨ ਕੀ ਬਾਤ ਦੇ 100ਵੇਂ ਐਪੀਸੋਡ ਨੂੰ ਇਸ ਵਾਰ ਹੋਰ ਸ਼ਾਨਦਾਰ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਵਲੋਂ ਇਸ ਲਈ ਇਕ ਖਾਸ ਰੋਡਮੈਪ ਵੀ ਤਿਆਰ ਕੀਤਾ ਗਿਆ ਹੈ। ਕਈ ਲੋਕਾਂ ਨੂੰ ਇਸ ਬਾਰੇ ਖਾਸ ਜਿੰਮੇਦਾਰੀਆਂ ਸੌਂਪੀਆਂ ਗਈਆਂ ਹਨ। ਜਾਣਕਾਰੀ ਮੁਤਾਬਿਕ ਸੰਸਦ ਮੈਂਬਰਾਂ ਨੂੰ ਇਹ ਪ੍ਰਸਾਰਣ 30 ਅਪ੍ਰੈਲ ਨੂੰ ਆਪੋ ਆਪਣੇ ਸੰਸਦੀ ਹਲਕਿਆਂ ਵਿਚ ਕਿਸੇ ਚੁਣੀ ਹੋਈ ਜਗ੍ਹਾ 'ਤੇ ਲੋਕਾਂ ਦੇ ਨਾਲ ਸੁਣਨ ਲਈ ਕਿਹਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮਨ ਕੀ ਬਾਤ ਪ੍ਰੋਗਰਾਮ ਨੂੰ ਰਿਕਾਰਡ ਬਣਾਉਣ ਰੇਡੀਓ ਦੇ ਪ੍ਰਸਾਰਣ ਨੂੰ ਵੱਧ ਤੋਂ ਵੱਧ ਲੋਕ ਇੱਕੋ ਸਮੇਂ ਸੁਣਨ ਦਾ ਰਿਕਾਰਡ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਪਾਰਟੀ ਨੇ ਆਪਣੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ‘ਮਨ ਕੀ ਬਾਤ’ ਦੇ ਟੈਲੀਕਾਸਟ ਨੂੰ ਸੁਣਨ ਲਈ ਵਿਸ਼ੇਸ਼ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ, ਉਸ ਇਲਾਕੇ ਦੇ ਬੁੱਧੀਜੀਵੀਆਂ ਅਤੇ ਪਤਵੰਤਿਆਂ ਦੀ ਹਾਜ਼ਰੀ ਯਕੀਨੀ ਬਣਾਉਣ ਅਤੇ ਪਾਰਟੀ ਸੰਗਠਨ ਨਾਲ ਤਾਲਮੇਲ ਕਰਕੇ ਪ੍ਰੋਗਰਾਮ ਉਲੀਕਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।