ਚੰਡੀਗੜ੍ਹ: ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ ਸੁਖੋਈ-30 ਅਤੇ ਮਿਰਾਜ-2000 ਮੱਧ ਪ੍ਰਦੇਸ਼ ਦੇ ਮੋਰੇਨਾ ਜ਼ਿਲ੍ਹੇ ਵਿੱਚ ਹਾਦਸਾਗ੍ਰਸਤ ਹੋ ਗਏ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੋਰੇਨਾ ਦੇ ਐਸਪੀ ਆਸ਼ੂਤੋਸ਼ ਬਾਗੜੀ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਮਾਮਲੇ ਵਿੱਚ ਹੁਣ ਸਾਹਮਣੇ ਇਹ ਆਇਆ ਹੈ ਕਿ ਭਾਰਤੀ ਹਵਾਈ ਫੌਜ ਦੇ ਦੋ ਜਹਾਜ਼ ਸੁਖੋਈ-30 ਅਤੇ ਮਿਰਾਜ 2000 ਨੇ ਗਵਾਲੀਅਰ ਏਅਰਬੈਸ ਤੋਂ ਇੱਕਠਿਆਂ ਹੀ ਪ੍ਰੈਕਟਿਸ ਲਈ ਉਡਾਨ ਭਰੀ ਸੀ ਅਤੇ ਪ੍ਰੈਕਟਿਸ ਕਰਦਿਆਂ ਜਹਾਜ਼ ਅਚਾਨਕ ਆਪਸ ਵਿੱਚ ਟਕਰਾਉਣ ਤੋਂ ਬਾਅਦ ਕਰੈਸ਼ ਹੋ ਗਏ।
ਜਾਨੀ ਨੁਕਸਾਨ ਤੋਂ ਬਚਾਅ: ਦੱਸ ਦਈਏ ਇਸ ਖਤਰਨਾਕ ਹਾਦਸੇ 'ਚ ਦੋ ਪਾਇਲਟ ਸੁਰੱਖਿਅਤ ਹਨ ਪਰ ਇਕ ਪਾਇਲਟ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਭਾਰਤੀ ਹਵਾਈ ਫੌਜ ਦੇ ਮੁਤਾਬਿਕ ਦੋ ਲੜਾਕੂ ਜਹਾਜ਼ ਅੱਜ ਸਵੇਰੇ ਗਵਾਲੀਅਰ ਨੇੜੇ ਹਾਦਸਾਗ੍ਰਸਤ ਹੋ ਗਏ। ਇਹ ਜਹਾਜ਼ ਰੁਟੀਨ ਉਡਾਣ ਸਿਖਲਾਈ ਮਿਸ਼ਨ ਉੱਤੇ ਸਨ ਅਤੇ ਇਸ ਵਿੱਚ ਸ਼ਾਮਲ 3 ਪਾਇਲਟਾਂ ਵਿੱਚੋਂ ਇੱਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਜਹਾਜ਼ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪ੍ਰਸ਼ਾਸਨ ਨੂੰ ਤੁਰੰਤ ਮਦਦ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਸ਼ਿਵਰਾਜ ਸਿੰਘ ਨੇ ਟਵੀਟ ਰਾਹੀਂ ਲਿਖਿਆ ਕਿ, ਟਮੋਰੇਨਾ ਦੇ ਕੋਲਾਰਸ ਨੇੜੇ ਹਵਾਈ ਸੈਨਾ ਦੇ ਸੁਖੋਈ-30 ਅਤੇ ਮਿਰਾਜ-2000 ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਬੇਹੱਦ ਦੁਖਦ ਹੈ। ਮੈਂ ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਹਵਾਈ ਸੈਨਾ ਨਾਲ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਜਹਾਜ਼ਾਂ ਦੇ ਪਾਇਲਟ ਸੁਰੱਖਿਅਤ ਹਨ।'
ਮਿਗ ਵੀ ਹੋਇਆ ਹਾਦਸੇ ਦਾ ਸ਼ਿਕਾਰ:ਇਸ ਤੋਂ ਇਲਾਵਾ ਅੱਜ ਭਾਰਤੀ ਹਵਾਈ ਫੌਜ ਦਾ ਇੱਕ ਹੋਰ ਮਿਗ ਜਹਾਜ਼ ਸਵੇਰੇ ਰਾਜਸਥਾਨ ਜ਼ਿਲ੍ਹੇ ਦੇ ਉਚੈਨ ਇਲਾਕੇ 'ਚ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਤੁਰੰਤ ਮੌਕੇ 'ਤੇ ਪਹੁੰਚ ਗਿਆ। ਹਵਾਈ ਫੌਜ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਸੰਭਾਵਨਾ ਹੈ ਕਿ ਇਸ ਜਹਾਜ਼ ਨੇ ਉੱਤਰ ਪ੍ਰਦੇਸ਼ ਦੇ ਆਗਰਾ ਏਅਰਫੋਰਸ ਸਟੇਸ਼ਨ ਤੋਂ ਉਡਾਣ ਭਰੀ ਸੀ। ਪਿੰਡ ਨਗਲਾ ਬੀਜਾ ਦੇ ਲੋਕਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 10.30 ਵਜੇ ਅਚਾਨਕ ਅਸਮਾਨ ਤੋਂ ਉੱਡ ਰਿਹਾ ਇੱਕ ਲੜਾਕੂ ਜਹਾਜ਼ ਪਿੰਡ ਦੀ ਆਬਾਦੀ ਤੋਂ ਬਾਹਰ ਖੇਤਾਂ ਵਿੱਚ ਡਿੱਗ ਪਿਆ। ਜਹਾਜ਼ ਹਾਦਸੇ ਦੀ ਆਵਾਜ਼ ਨਾਲ ਪੂਰੇ ਪਿੰਡ ਵਿੱਚ ਹਲਚਲ ਮਚ ਗਈ। ਮੌਕੇ 'ਤੇ ਪਿੰਡ ਦੇ ਸੈਂਕੜੇ ਲੋਕ ਇਕੱਠੇ ਹੋ ਗਏ, ਜਹਾਜ਼ ਦੇ ਟੁਕੜੇ ਪਿੰਡ ਦੇ ਬਾਹਰ ਹਰ ਪਾਸੇ ਖਿੱਲਰੇ ਪਏ ਸਨ।
ਇਹ ਵੀ ਪੜ੍ਹੋ:Two IAF fighter jet planes crash: 2 ਵੱਡੇ ਜਹਾਜ਼ ਕਰੈਸ਼, ਸੁਖੋਈ 30 ਅਤੇ ਮਿਰਾਜ ਕਰੈਸ਼, ਇਕ ਪਾਇਲਟ ਦੀ ਮੌਤ