ਚੰਡੀਗੜ੍ਹ: ਪੰਜਾਬ ਵਿੱਚ 72 ਘੰਟੇ ਤੋਂ ਘੱਟ ਸਮੇਂ ਲਈ ਆਉਣ ਵਾਲਿਆਂ ਨੂੰ ਘਰੇਲੂ ਏਕਾਂਤਵਾਸ ਤੋਂ ਛੋਟ ਦੇ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਸੂਬੇ ਦੀ ਸੀਮਾ 'ਤੇ ਚੈੱਕ ਪੋਸਟ ਵਿਖੇ ਸਿਰਫ਼ ਰਸਮੀ ਸਵੈ-ਘੋਸ਼ਣਾ ਪੱਤਰ ਸੌਂਪਣ ਦੀ ਜ਼ਰੂਰਤ ਹੋਵੇਗੀ।
ਸੂਬੇ ਵਿੱਚ ਆਉਣ ਵਾਲੇ ਘਰੇਲੂ ਮੁਸਾਫ਼ਰਾਂ ਲਈ ਇਸ ਰਾਹਤ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਆਖਿਆ ਕਿ ਇਹ ਰਿਆਇਤ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਅਤੇ ਹੋਰ ਕਾਰੋਬਾਰੀ ਮੁਸਾਫ਼ਰਾਂ ਆਦਿ ਨੂੰ ਦੇਣ ਦਾ ਫੈਸਲਾ ਲਿਆ ਹੈ। ਜਿਨ੍ਹਾਂ ਦੀ ਇੱਥੇ ਪਹੁੰਚਣ 'ਤੇ 72 ਘੰਟਿਆਂ ਤੋਂ ਘੱਟ ਸਮੇਂ ਦੀ ਠਹਿਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯਾਤਰੀਆਂ ਨੂੰ 14-ਦਿਨਾਂ ਦੇ ਲਾਜ਼ਮੀ ਏਕਾਂਤਵਾਸ ਦੀ ਜ਼ਰੂਰਤ ਤੋਂ ਵੀ ਛੋਟ ਦੇਣ ਦਾ ਫੈਸਲਾ ਲਿਆ ਗਿਆ, ਜਦਕਿ ਪੰਜਾਬ ਆਉਣ ਵਾਲੇ ਬਾਕੀ ਘਰੇਲੂ ਮੁਸਾਫਰਾਂ ਲਈ ਘਰੇਲੂ ਏਕਾਂਤਵਾਸ ਦੀ ਵਿਵਸਥਾ ਪਹਿਲਾਂ ਵਾਂਗ ਬਰਕਰਾਰ ਰਹੇਗੀ।
ਜਿਨ੍ਹਾਂ ਯਾਤਰੀਆਂ ਨੂੰ ਇਹ ਛੋਟ ਹਾਸਲ ਹੈ, ਉਨ੍ਹਾਂ ਨੂੰ ਕੋਵਾ ਐਪ 'ਤੇ ਮੁਹੱਈਆ ਕਰਵਾਈ ਤੈਅ ਪ੍ਰਕ੍ਰਿਆ ਵਿੱਚ ਚੈੱਕ ਪੋਸਟ ਦੇ ਆਫੀਸਰ ਇੰਚਾਰਜ ਕੋਲ ਰਸਮੀ ਸਵੈ-ਘੋਸ਼ਣਾ ਪੱਤਰ ਸੌਂਪਣ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੂੰ ਆਪਣੇ ਮੋਬਾਈਲਾਂ 'ਤੇ ਕੋਵਾ ਐਪ ਡਾਊਨਲੋਡ ਕਰਨੀ ਹੋਵੇਗੀ। ਇਸ ਐਪ 'ਤੇ ਮੁਸਾਫਰਾਂ ਬਾਰੇ ਸੂਚਨਾ ਵਾਲੇ ਹਿੱਸੇ ਵਿੱਚ ਆਪਣੀ ਜਾਣਕਾਰੀ ਦੇਣ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਨੂੰ ਇਹ ਘੋਸ਼ਣਾ-ਪੱਤਰ ਦੇਣਾ ਹੋਵੇਗਾ ਕਿ ਪੰਜਾਬ ਵਿੱਚ ਠਹਿਰ ਦੌਰਾਨ ਕੋਵਾ ਐਪ ਸਰਗਰਮ ਰੱਖਣੀ ਪਵੇਗੀ।