ਚੰਡੀਗੜ੍ਹ : ਪੰਜਾਬ ਦੇ ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੁਲਿਸ ਨੇ ਤੀਜੀ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਇਸ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ। ਜਿੰਨਾ ਵਿੱਚ ਇੱਕ ਅਹਿਮ ਗੱਲ ਸਾਹਮਣੇ ਆਈ ਹੈ। ਦਰਅਸਲ ਮੂਸੇਵਾਲਾ ਕਤਲ ਮਾਮਲੇ 'ਚ ਪੇਸ਼ ਕੀਤੀ ਤੀਜੀ ਚਾਰਜਸ਼ੀਟ ਵਿੱਚ ਇੱਕ ਨਵੇਂ ਮੁਲਜ਼ਮ ਦੇ ਨਾਮ ਦਾ ਖੁਲਾਸਾ ਹੋਇਆ ਹੈ, ਜਿਸ ਨਾਲ ਮਾਮਲੇ ਦੀ ਪੇਚੀਦਗੀ ਵਿੱਚ ਨਵੇਂ ਮੋੜ ਪਾ ਦਿੱਤੇ ਹਨ। ਇਸ ਮਾਮਲੇ 'ਚ ਪੁਲਿਸ ਨੇ ਹਰਿਆਣਾ ਦੇ ਭਿਵਾਨੀ ਜ਼ਿਲੇ ਦੇ ਬਾਰਦੂਨਈ ਥਾਣਾ ਬਹਿਲ ਦੇ ਰਹਿਣ ਵਾਲੇ ਲਾਰੈਂਸ ਗੈਂਗ ਦੇ ਇੱਕ ਗੈਂਗਸਟਰ ਜੋਗਿੰਦਰ ਸਿੰਘ ਨੂੰ ਗੁਰੂਗ੍ਰਾਮ ਦੀ ਭੋਂਡਸੀ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਂਦਾ ਹੈ। ਜਿਸ ਤੋਂ ਬਾਅਦ ਮਾਨਸਾ ਦੀ ਅਦਾਲਤ ਵਿੱਚ ਉਸ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਹੈ। ( third chargesheet in the case of late singer Sidhu Moosewala)
ਸ਼ੂਟਰਾਂ ਨੂੰ ਦਿੱਤੀ ਪਨਾਹ : ਇਸ ਚਲਾਨ ਅਨੁਸਾਰ ਜੋਗਿੰਦਰ ਸਿੰਘ ਜੋਗਾ ਨੇ ਮੂਸੇਵਾਲਾ ਦੇ ਕਤਲ ਸਮੇਂ ਭਿਵਾਨੀ ਦੇ ਬੋਲੈਰੋ ਮਾਡਿਊਲ ਸ਼ੂਟਰਾਂ, ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ,ਕਸ਼ਿਸ਼ ਅਤੇ ਦੀਪਕ ਮੁੰਡੀ ਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ। ਇਸ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਜੋਗਿੰਦਰ ਸਿੰਘ ਜੋਗਾ 2015 ਤੋਂ ਲਾਰੈਂਸ ਗੈਂਗ ਦਾ ਮੈਂਬਰ ਹੈ। ਕਤਲ ਦੌਰਾਨ ਉਹ ਰਜਿੰਦਰ ਜੋਕਰ ਅਤੇ ਲਾਰੈਂਸ ਦੇ ਭਤੀਜੇ ਸਚਿਨ ਥਾਪਨ ਦੇ ਸੰਪਰਕ ਵਿੱਚ ਸੀ। ਗੋਲਡੀ ਬਰਾੜ ਦੇ ਕਹਿਣ 'ਤੇ ਉਸ ਨੇ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਇਨ੍ਹਾਂ ਸ਼ੂਟਰਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ।
ਰਜਿੰਦਰ ਜੋਕਰ ਨੇ ਕੀਤਾ ਖੁਲਾਸਾ : ਪੁਲਿਸ ਅਨੁਸਾਰ ਜੋਗਿੰਦਰ ਸਿੰਘ ਉਰਫ਼ ਜੋਗਾ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਬੜਦੂਨਈ ਥਾਣਾ ਬਹਿਲ ਦਾ ਰਹਿਣ ਵਾਲਾ ਹੈ। 4 ਜੂਨ 2022 ਨੂੰ ਉਸ ਨੂੰ ਕਤਲ ਕੇਸ ਵਿੱਚ ਸ਼ਾਮਲ ਕੀਤਾ ਗਿਆ ਸੀ। ਰਜਿੰਦਰ ਸਿੰਘ ਜੋਕਰ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਜੋਗਿੰਦਰ ਸਿੰਘ ਜੋਗਾ ਵੀ ਸ਼ਾਮਲ ਸੀ। ਇਸ ਤੋਂ ਬਾਅਦ ਅਦਾਲਤ ਤੋਂ ਉਸ ਦੇ ਗ੍ਰਿਫਤਾਰੀ ਵਾਰੰਟ ਲਏ ਗਏ, ਪਰ ਉਹ ਫੜਿਆ ਨਹੀਂ ਜਾ ਸਕਿਆ। ਜਿਸ ਤੋਂ ਬਾਅਦ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ।