ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿਚ ਪ੍ਰਤਾਪ ਸਿੰਘ ਬਾਜਵਾ ਦੇ ਇਕ ਬਿਆਨ ਨੇ ਸਿਆਸੀ ਘਮਾਸਾਣ ਮਚਾ ਰੱਖਿਆ ਹੈ। ਵਿਰੋਧੀ ਧਿਰਾਂ ਨੇ ਇਕ ਤੋਂ ਬਾਅਦ ਇਕ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਦਰਅਸਲ ਭਾਰਤ ਜੋੜੋ ਯਾਤਰਾ ਦੌਰਾਨ ਪਠਾਨਕੋਟ ਰੈਲੀ ਵਿਚ ਪ੍ਰਤਾਪ ਸਿੰਘ ਬਾਜਵਾ ਸਟੇਜ ਤੋਂ ਸੰਬੋਧਨ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਸਾਨੂੰ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਚਾਹੀਦਾ ਕੋਈ ਫਰਜ਼ੀ ਪ੍ਰਧਾਨ ਮੰਤਰੀ ਨਹੀਂ। ਬੱਸ ਫਿਰ ਕੀ ਸੀ “ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢਦੀ ਹਾਂ” ਇਹ ਸਥਿਤੀ ਪੈਦਾ ਹੋ ਗਈ ਅਤੇ ਸਿਆਸੀ ਭੂਚਾਲ ਦੇ ਝਟਕੇ ਲੱਗਣੇ ਸ਼ੁਰੂ ਹੋ ਗਏ। ਵਿਰੋਧੀ ਧਿਰਾਂ ਇਸਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤੋਹੀਨ ਨਾਲ ਜੋੜ ਰਹੀਆਂ ਹਨ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ ਨਿੰਦਾ:ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ 'ਤੇ ਵਿਰੋਧੀ ਧਿਰਾਂ ਪ੍ਰਤਾਪ ਸਿੰਘ ਬਾਜਵਾ 'ਤੇ ਹਮਲਾਵਰ ਹੋ ਗਈਆਂ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਦੀ ਉਹ ਨਿੰਦਾ ਕਰਦੇ ਹਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਫਰਜ਼ੀ ਕਹਿ ਕੇ ਉਹਨਾਂ ਦੀ ਤੌਹੀਨ ਕੀਤੀ ਗਈ। ਉਹ ਦੇਸ਼ ਦੇ ਇਕੋ ਇਕ ਸਿੱਖ ਪ੍ਰਧਾਨ ਮੰਤਰੀ ਸਨ। ਉਹਨਾਂ ਨੂੰ ਫਰਜ਼ੀ ਕਹਿਣਾ ਬਹੁਤ ਸ਼ਰਮਨਾਕ ਹੈ। ਇਕ ਸਿੱਖ ਦੀ ਇਸ ਤਰ੍ਹਾਂ ਬੇਇਜ਼ਤੀ ਕਰਨੀ ਸਾਰੀ ਸਿੱਖ ਕੌਮ ਦੀ ਤੌਹੀਨ ਹੈ।